ਮੈਡੀਕਲ ਐਮਰਜੈਂਸੀ ਵੇਲੇ ਕੁਝ ਨਿੱਜੀ ਡਾਕਟਰਾਂ ਦਾ ਪਿੱਠ ਦਿਖਾ ਕੇ ਭੱਜਣਾ ਬਿਲਕੁਲ ਵੀ ਜਾਇਜ ਨਹੀਂ
ਬਟਾਲਾ, 10 ਅਪ੍ਰੈਲ – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਜਿਹੜੇ ਨਿੱਜੀ ਹਸਪਤਾਲ ਇਸ ਸੰਕਟ ਦੇ ਸਮੇਂ ਸਿਹਤ ਸੇਵਾਵਾਂ ਨਹੀਂ ਦੇ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾਣ। ਡਿਪਟੀ ਕਮਿਸ਼ਨਰ ਨੂੰ ਅੱਜ ਬਟਾਲਾ ਵਾਸੀਆਂ ਇਹ ਸ਼ਿਕਾਇਤ ਕੀਤੀ ਸੀ ਕਿ ਸ਼ਹਿਰ ਦੇ ਕਈ ਨਿੱਜੀ ਹਸਪਤਾਲ ਜਾਣਬੁੱਝ ਕੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਇਸ ਗੰਭੀਰ ਸਮੱਸਿਆ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀ ਗੈਰ ਜਿੰਮੇਵਾਰੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆਂ ਵਿੱਚ ਮੈਡੀਕਲ ਐਮਰਜੈਂਸੀ ਬਣੀ ਹੋਈ ਹੈ ਅਤੇ ਇਸ ਸਮੇਂ ਕੁਝ ਨਿੱਜੀ ਡਾਕਟਰਾਂ ਦਾ ਪਿੱਠ ਦਿਖਾ ਕੇ ਭੱਜਣਾ ਬਿਲਕੁਲ ਵੀ ਜਾਇਜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਲੇ ਸਮਿਆਂ ਵਿੱਚ ਲੋਕਾਂ ਤੋਂ ਕਮਾਈ ਕਰਨ ਵਾਲੇ ਡਾਕਟਰਾਂ ਨੂੰ ਇਸ ਔਖੀ ਘੜ੍ਹੀ ਵਿੱਚ ਵੀ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨਿੱਜੀ ਹਸਪਤਾਲ ਇਸ ਐਮਰਜੈਂਸੀ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਤਾਂ ਸਗੋਂ ਹੁਣ ਆਪਣੀ ਸਮਾਜਿਕ ਅਤੇ ਪੇਸ਼ੇਵਰ ਜ਼ਿੰਮੇਵਾਰੀ ਨਿਭਾਉਂਦਿਆਂ ਪਹਿਲਾਂ ਨਾਲੋਂ ਵੀ ਵੱਧ ਸਮਰਪਿਤ ਹੋ ਕੇ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਜਿਹੜੇ ਨਿੱਜੀ ਹਸਪਤਾਲ ਲੋਕਾਂ ਦਾ ਇਲਾਜ ਕਰਨ ਤੋਂ ਇਨਕਾਰੀ ਹਨ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਅਜਿਹੇ ਹਸਪਤਾਲਾਂ ਦੇ ਲਾਇਸੈਂਸ ਕੈਂਸਲ ਕੀਤੇ ਜਾ ਸਕਣ। ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਕੋਈ ਨਿੱਜੀ ਹਸਪਤਾਲ ਉਨ੍ਹਾਂ ਦਾ ਇਲਾਜ ਕਰਨ ਤੋਂ ਨਾਂਹ ਕਰਦਾ ਹੈ ਤਾਂ ਇਸਦੀ ਸੂਚਨਾ ਸਿਹਤ ਵਿਭਾਗ ਜਾਂ ਡੀ.ਸੀ. ਦਫ਼ਤਰ ਦਿੱਤੀ ਜਾਵੇ।