ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਵਿਦਿਆਰਥੀਆਂ ਨਾਲ ਐਸਐਸਪੀ ਆਦਿੱਤਯ ਅਤੇ ਐਸਪੀ ਜੁਗਰਾਜ ਸਿੰਘ ਨੇ ਕੀਤੀ ਸੰਪਰਕ ਮੀਟਿੰਗ
ਸਾਈਬਰ ਠੱਗਾਂ ਦੇ ਨਿਸ਼ਾਨੇ ‘ਤੇ ਨੇ ਨੌਜਵਾਨ ਕੁੜੀਆਂ — OTP ਅਤੇ ਬੈਂਕ ਵੇਰਵੇ ਕਦੇ ਸਾਂਝੇ ਨਾ ਕਰੋ
ਦੀਨਾਨਗਰ, 29 ਅਪ੍ਰੈਲ 2026 (ਮੰਨਨ ਸੈਣੀ)। ਔਨਲਾਈਨ ਠੱਗੀ ਅਤੇ ਫਰਜ਼ੀ ਕਾਲਾਂ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਗੁਰਦਾਸਪੁਰ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਆਦਿੱਤਯ, ਆਈ.ਪੀ.ਐੱਸ. ਨੇ ਅੱਜ ਖ਼ੁਦ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਪਹੁੰਚ ਕੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਵਿਸ਼ੇਸ਼ ਸੰਪਰਕ ਮੀਟਿੰਗ ਵਿੱਚ ਕਪਤਾਨ ਪੁਲਿਸ (ਸਥਾਨਿਕ) ਗੁਰਦਾਸਪੁਰ ਜੁਗਰਾਜ ਸਿੰਘ, ਉਪ ਕਪਤਾਨ ਪੁਲਿਸ ਦੀਨਾਨਗਰ ਅਤੇ ਮੁੱਖ ਅਫ਼ਸਰ ਥਾਣਾ ਦੀਨਾਨਗਰ ਵੀ ਨਾਲ ਮੌਜੂਦ ਰਹੇ।

ਐਸਐਸਪੀ ਆਦਿੱਤਯ ਵੱਲੋਂ ਮੀਟਿੰਗ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ, ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਅਤੇ ਅਣਜਾਣ ਵਿਅਕਤੀਆਂ ਨੂੰ ਆਪਣੇ ਨੈੱਟਵਰਕ ਵਿੱਚ ਸ਼ਾਮਲ ਨਾ ਕਰਨ ਦੀ ਹਦਾਇਤ ਕੀਤੀ ਗਈ। ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਮਾਪਿਆਂ ਜਾਂ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ।
ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਕਰਦੇ ਹੋਏ ਵਿਦਿਆਰਥੀਆਂ ਜਰਿਏ ਆਮ ਲੋਕਾਂ ਨੂੰ ਵੀ ਔਨਲਾਈਨ ਠੱਗੀ, ਫਰਜ਼ੀ ਕਾਲਾਂ, OTP ਫਰਾਡ ਅਤੇ ਸੋਸ਼ਲ ਮੀਡੀਆ ਹੈਕਿੰਗ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੂੰ ਕਿਸੇ ਨਾਲ ਵੀ OTP, ਬੈਂਕ ਵੇਰਵੇ ਜਾਂ ਪਾਸਵਰਡ ਸਾਂਝੇ ਨਾ ਕਰਨ ਅਤੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ ਬਾਰੇ ਸਖ਼ਤ ਤਾਕੀਦ ਕੀਤੀ ਗਈ।

ਮੁਲਾਕਾਤ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਹੈਲਪਲਾਈਨ 112, ਵੂਮੈਨ ਹੈਲਪਲਾਈਨ 1091, ਚਾਈਲਡ ਹੈਲਪਲਾਈਨ 1098 ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਦੇ ਕੰਮ-ਕਾਜ ਅਤੇ ਭੂਮਿਕਾ ਤੋਂ ਵੀ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਂਦੇ ਹੋਏ ਭਵਿੱਖ ਵਿੱਚ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਬਾਰੇ ਤੁਰੰਤ ਪੁਲਿਸ ਹੈਲਪਲਾਈਨ ‘ਤੇ ਸੂਚਿਤ ਕਰਨ ਲਈ ਕਿਹਾ ਗਿਆ। ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਹੈਲਮੈਟ ਪਹਿਨਣ ਦੀ ਹਦਾਇਤ ਕੀਤੀ ਗਈ ਅਤੇ ਨਾਬਾਲਗ ਵਿਦਿਆਰਥੀਆਂ ਨੂੰ ਦੋ ਜਾਂ ਚਾਰ ਪਹੀਆ ਵਾਹਨ ਨਾ ਚਲਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ।