Close

Recent Posts

ਪੰਜਾਬ

ਐਸ.ਏ.ਐਸ ਨਗਰ ਅੰਦਰ ਆਮ ਆਦਮੀ ਕਲੀਨਿਕਾਂ ਵਿਚ ਵੀ ਸਿਹਤ ਬੀਮਾ ਕਾਰਡ ਬਣਨ ਲੱਗੇ

ਐਸ.ਏ.ਐਸ ਨਗਰ ਅੰਦਰ ਆਮ ਆਦਮੀ ਕਲੀਨਿਕਾਂ ਵਿਚ ਵੀ ਸਿਹਤ ਬੀਮਾ ਕਾਰਡ ਬਣਨ ਲੱਗੇ
  • PublishedApril 28, 2026

ਸਿਵਲ ਸਰਜਨ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਦੀ ਅਪੀਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 28 ਅਪ੍ਰੈਲ 2026 (ਦੀ ਪੰਜਾਬ ਵਾਇਰ)। ਜ਼ਿਲ੍ਹੇ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿਚ ਵੀ ਹੁਣ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਵਿਚ ਪੈਂਦੇ ਆਮ ਆਦਮੀ ਕਲੀਨਿਕਾਂ ਵਿਚ ਸਿਹਤ ਸੇਵਾਵਾਂ ਦੇ ਨਾਲ-ਨਾਲ ਸਿਹਤ ਬੀਮਾ ਕਾਰਡ ਵੀ ਬਣਾਏ ਜਾਣ ਲੱਗੇ ਹਨ। ਉਨ੍ਹਾਂ ਦਸਿਆ ਕਿ ਮੋਹਾਲੀ ਸ਼ਹਿਰ ’ਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਫ਼ੇਜ਼ 1, ਫ਼ੇਜ਼ 7 ਅਤੇ ਫ਼ੇਜ਼ 11 ਵਿਖੇ ਇਹ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਡੇਰਾਬੱਸੀ ਅਧੀਨ ਪਿੰਡ ਸੈਦਪੁਰ, ਮੀਰਪੁਰ, ਘੜੂੰਆਂ ਅਧੀਨ ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ, ਪ੍ਰਾਇਮਰੀ ਹੈਲਥ ਸੈਂਟਰ ਮਜਾਤ ਵਿਖੇ ਵੀ ਸਿਹਤ ਕਾਰਡ ਬਣਾਏ ਜਾਣ ਲੱਗੇ ਹਨ।

ਸਿਵਲ ਸਰਜਨ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰਾਂ ਅਤੇ ਪਿੰਡਾਂ ਵਿਚ ਵੱਖ-ਵੱਖ ਜਨਤਕ ਥਾਵਾਂ ਉਤੇ ਪੱਕੇ ਕੈਂਪ ਪਹਿਲਾਂ ਹੀ ਚੱਲ ਰਹੇ ਹਨ। ਜ਼ਿਲ੍ਹੇ ’ਚ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਵਿਚ ਵੀ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ।

ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਵਸਨੀਕ ਹਰ ਪਰਿਵਾਰ ਦਾ 10 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਕੀਤਾ ਜਾ ਰਿਹਾ ਹੈ। ਕਾਰਡ ਧਾਰਕ ਪਰਵਾਰ ਦੇ ਕਿਸੇ ਵੀ ਜੀਅ ਨੂੰ ਸਰਕਾਰੀ ਜਾਂ ਸੂਚੀਬੱਧ ਨਿੱਜੀ ਹਸਪਤਾਲ ਵਿਚ ਦਾਖ਼ਲ ਹੋਣ ’ਤੇ 10 ਲੱਖ ਰੁਪਏ ਤਕ ਦਾ ਡਾਕਟਰੀ ਇਲਾਜ ਬਿਲਕੁਲ ਮੁਫ਼ਤ ਮਿਲ ਰਿਹਾ ਹੈ। ਜ਼ਰੂਰੀ ਟੈਸਟਾਂ, ਦਵਾਈਆਂ ਆਦਿ ’ਤੇ ਵੀ ਪਰਿਵਾਰ ਦਾ ਕੋਈ ਖ਼ਰਚਾ ਨਹੀਂ ਹੋ ਰਿਹਾ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਹਰ ਵਸਨੀਕ ਨੂੰ ਇਹ ਕਾਰਡ ਤੁਰੰਤ ਬਣਾਉਣੇ ਚਾਹੀਦੇ ਹਨ ਤਾਕਿ ਮੁਫ਼ਤ ਬੀਮਾ ਸਹੂਲਤ ਦਾ ਪੂਰਾ ਲਾਭ ਲਿਆ ਜਾ ਸਕੇ।

Written By
The Punjab Wire