ਮਹਿਲਾਵਾਂ ਨੂੰ ਅਧਿਕਾਰੀ ਨਾਲ ਸਿੱਧੀ ਸੁਣਵਾਈ ਚਾਹੀਦੀ ਹੈ? 30 ਅਪ੍ਰੈਲ ਨੂੰ ਗੁਰਦਾਸਪੁਰ ਦੇ ਖੁੱਲੇ ਦਰਬਾਰ ‘ਚ ਪਹੁੰਚੋ
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਲੋਕ ਅਦਾਲਤ ਦਾ ਆਯੋਜਨ, ਮੌਕੇ ‘ਤੇ ਹੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਉੱਚ ਅਧਿਕਾਰੀ ਰਹਿਣਗੇ ਮੌਜੂਦ
ਗੁਰਦਾਸਪੁਰ, 28 ਅਪ੍ਰੈਲ 2026 (ਮੰਨਨ ਸੈਣੀ)। ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ 30 ਅਪ੍ਰੈਲ 2026 (ਵੀਰਵਾਰ) ਨੂੰ ਸਵੇਰੇ 10.30 ਵਜੇ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਲੋਕ ਅਦਾਲਤ/ਖੁੱਲਾ ਦਰਬਾਰ ਲਗਾਇਆ ਜਾਵੇਗਾ।
ਇਸ ਲੋਕ ਅਦਾਲਤ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸਿੱਧਾ ਕਮਿਸ਼ਨ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਣ ਲਈ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਨਾ ਹੈ। ਇਸ ਮੌਕੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ, ਤਾਂ ਜੋ ਦਰਜ ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾ ਸਕੇ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਉਣਾ ਕਮਿਸ਼ਨ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਇਹ ਖੁੱਲਾ ਦਰਬਾਰ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਵੱਲ ਇੱਕ ਮਹੱਤਵਪੂਰਨ ਪਹੁੰਚ ਸਾਬਤ ਹੋਵੇਗਾ।
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਮੂਹ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲੋਕ ਅਦਾਲਤ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਸਮੱਸਿਆਵਾਂ ਸਿੱਧਾ ਕਮਿਸ਼ਨ ਅੱਗੇ ਰੱਖਣ ਅਤੇ ਇਸ ਸੁਵਿਧਾ ਦਾ ਲਾਭ ਲਿਆ ਜਾਵੇ।