ਗਲੋਬਲ ਸਿੱਖ ਕੌਂਸਲ ਵੱਲੋਂ ਧਾਰਮਿਕ ਆਜ਼ਾਦੀ, ਤਕਨੀਕੀ ਵਿਗਾੜ ਤੇ ਗੁਰਮੁਖੀ ਦੇ ਮੁੱਦੇ ਸੰਸਦ ਚ ਉਠਾਉਣ ਲਈ ਚਾਰਾਜੋਈ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸਿੱਖਾਂ ਦੇ ਹੱਕਾਂ ਤੇ ਪੰਜਾਬੀ ਨਾਲ ਸੰਬੰਧਿਤ ਮਸਲਿਆਂ ’ਤੇ ਪੂਰਨ ਸਹਿਯੋਗ ਦਾ ਭਰੋਸਾ
ਚੰਡੀਗੜ੍ਹ, 18 ਅਪ੍ਰੈਲ 2026 (ਦੀ ਪੰਜਾਬ ਵਾਇਰ)– 28 ਮੁਲਕਾਂ ਵਿੱਚ ਸਿੱਖ ਸੰਸਥਾਵਾਂ ਦੀ ਪ੍ਰਤਿਨਿਧ ਸੰਸਥਾ, ਗਲੋਬਲ ਸਿੱਖ ਕੌਂਸਲ, ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਨਵੀਂ ਦਿੱਲੀ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਧਾਰਮਿਕ ਆਜ਼ਾਦੀ, ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਪਵਿੱਤਰ ਗੁਰਬਾਣੀ, ਗੁਰੂ ਸਾਹਿਬਾਨ ਤੇ ਸਿੱਖ ਸੰਸਥਾਵਾਂ ਦਾ ਨਿਰਾਦਰ ਕਰਨ ਅਤੇ ਭਾਸ਼ਾਈ ਵਿਰਾਸਤ ਦੀ ਸੰਭਾਲ ਨਾਲ ਜੁੜੇ ਅਹਿਮ ਮਸਲਿਆਂ ’ਤੇ ਤੁਰੰਤ ਵਿਧਾਨਕ ਅਤੇ ਪ੍ਰਸ਼ਾਸਕੀ ਕਦਮ ਚੁੱਕਣ ਦੀ ਮੰਗ ਕੀਤੀ। ਅਮਰੀਕਾ ਤੋਂ ਕੌਂਸਲ ਦੇ ਉਪ-ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਵਫ਼ਦ ਨੇ ਅਤਿ-ਆਧੁਨਿਕ ਤਕਨੀਕਾਂ ਦੇ ਗਲਤ ਇਸਤੇਮਾਲ ਅਤੇ ਸਿੱਖ ਕੌਮ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੇ ਹੱਲ ਲਈ ਮੁੱਦੇ ਸੰਸਦੀ ਪੱਧਰ ’ਤੇ ਉਠਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਨਾ ਕੌਂਸਲ ਦੇ ਖਜਾਨਚੀ ਸਰਦਾਰ ਹਰਸਰਨ ਸਿੰਘ ਪੁਡੂਚੇਰੀ, ਅਫਗਾਨਿਸਤਾਨ ਤੋਂ ਮੈਂਬਰ ਸਰਦਾਰ ਗੁਲਜੀਤ ਸਿੰਘ ਅਤੇ ‘ਸਿੱਖ ਕੁਲੈਕਿਟਿਵ’ ਦੇ ਕਨਵੀਨਰ ਸਰਦਾਰ ਜਗਮੋਹਨ ਸਿੰਘ ਵੀ ਸ਼ਾਮਲ ਸਨ। ਕੌਂਸਲ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਯੂਕੇ ਦਾ ਸੰਦੇਸ਼ ਦਿੰਦਿਆਂ ਸਰਦਾਰ ਬੇਦੀ ਨੇ ਸੰਸਦ ਵਿੱਚ ਸਿੱਖ ਮਸਲਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਸਰਦਾਰ ਸਾਹਨੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਵਫ਼ਦ ਨੇ ਖਾਸ ਤੌਰ ’ਤੇ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਲਈ ਸਿੱਖਿਆ ਅਤੇ ਹੁਨਰ ਵਿਕਾਸ ਦੇ ਉਪਰਾਲਿਆਂ ਨੂੰ ਸਰਾਹਿਆ।
ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਚਰਚਾ ਹੋਈ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਮਸਲਾ ਦੇਸ਼ ਭਰ ਵਿੱਚ ਵੱਖ-ਵੱਖ ਇਮਤਿਹਾਨਾਂ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਨੂੰ ਲੈ ਕੇ ਦਰਪੇਸ਼ ਸਮੱਸਿਆ ਹੈ ਅਤੇ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਅਕਸਰ ਕੜਾ, ਕਿਰਪਾਨ ਅਤੇ ਦਸਤਾਰ ਵਰਗੇ ਧਾਰਮਿਕ ਚਿੰਨ ਲਾਹੁਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਅਣਖ-ਇਜ਼ਤ ਅਤੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਨੂੰ ਠੇਸ ਪਹੁੰਚਦੀ ਹੈ। ਕੌਂਸਲ ਨੇ ਇਸ ਮਸਲੇ ਨੂੰ ਗੰਭੀਰ ਮੰਨਦਿਆਂ ਇਸਦਾ ਤੁਰੰਤ ਹੱਲ ਲੱਭਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ, ਕੌਂਸਲ ਨੇ “ਤਕਨੀਕੀ ਬੇਅਦਬੀ” ਸਬੰਧੀ ਵੀ ਗੰਭੀਰ ਚਿੰਤਾ ਜ਼ਾਹਿਰ ਕੀਤੀ ਜਿਸ ਅਧੀਨ ਮਸਨੂਈ ਬੁੱਧੀ ਅਤੇ ਨਵੀਨਤਮ ਡਿਜ਼ਿਟਲ ਤਕਨੀਕਾਂ ਰਾਹੀਂ ਗੁਰਬਾਣੀ, ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਨੂੰ ਸੋਸ਼ਲ ਮੀਡੀਆ ’ਤੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਵਫ਼ਦ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀ ਭ੍ਰਮਿਤ ਕਰਨ ਵਾਲੀ ਅਤੇ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦੀ ਡਿਜ਼ਿਟਲ ਸਮੱਗਰੀ ’ਤੇ ਰੋਕ ਲਗਾਉਣ ਲਈ ਸਖ਼ਤ ਨਿਯਮ ਬਣਾਏ ਜਾਣ ਤਾਂ ਜੋ ਸਿੱਖ ਮਰਯਾਦਾ ਦੀ ਪਵਿੱਤਰਤਾ ਕਾਇਮ ਰਹੇ।
ਇਸ ਤੋਂ ਇਲਾਵਾ ਸਿੱਖ ਇਤਿਹਾਸ, ਪਹਿਚਾਣ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜੇ ਮਾਮਲਿਆਂ ਵਿੱਚ ਸੰਤੁਲਿਤ ਅਤੇ ਤੱਥਾਂ ’ਤੇ ਆਧਾਰਿਤ ਮੁਲਾਂਕਣ ਯਕੀਨੀ ਬਣਾਉਣ ਲਈ ਵਫ਼ਦ ਨੇ ਕੇਂਦਰੀ ਫਿਲਮ ਪ੍ਰਮਾਣ ਬੋਰਡ ਵਿੱਚ ਇੱਕ ਯੋਗ ਸਿੱਖ ਵਿਦਵਾਨ ਦੀ ਨਿਯੁਕਤੀ ਦੀ ਮੰਗ ਵੀ ਕੀਤੀ। ਇਸਦੇ ਨਾਲ ਹੀ ਦਿੱਲੀ ਦੀ ਪੰਜਾਬੀ ਅਕਾਦਮੀ ਦੀ ਮਾੜੀ ਪ੍ਰਸ਼ਾਸਕੀ ਸਥਿਤੀ ’ਤੇ ਚਿੰਤਾ ਜਿਤਾਉਂਦਿਆਂ ਇਸਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਰਾਜਧਾਨੀ ਵਿੱਚ ਵਸਦੇ ਸਿੱਖਾਂ ਅੰਦਰ ਮਜ਼ਬੂਤ ਕੀਤਾ ਜਾ ਸਕੇ।
ਕੌਂਸਲ ਨੇ ‘ਕੇਂਦਰੀ ਗੁਰਮੁਖੀ ਯੂਨੀਵਰਸਿਟੀ’ ਸਥਾਪਤ ਕਰਨ ਦੀ ਮੰਗ ਕਰਦਿਆਂ ਇਸ ਅਦਾਰੇ ਨੂੰ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੀ ਤਰਜ ਉਤੇ ਰਾਸ਼ਟਰੀ ਦਰਜਾ ਅਤੇ ਪੂਰਾ ਸੰਸਥਾਗਤ ਸਹਿਯੋਗ ਦਿੱਤਾ ਜਾਵੇ। ਵਫਦ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਸਿਰਫ਼ ਸੱਭਿਆਚਾਰਕ ਹੀ ਨਹੀਂ ਸਗੋਂ ਧਾਰਮਿਕ ਤੇ ਆਧਿਆਤਮਿਕ ਪੱਖੋਂ ਵੀ ਅਤਿ ਮਹੱਤਵਪੂਰਨ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ, ਸੰਭਾਲ ਅਤੇ ਪ੍ਰਚਾਰ ਲਈ ਇੱਕ ਵਿਸ਼ੇਸ਼ ਕੌਮੀ ਸੰਸਥਾ ਸਥਾਪਤ ਕਰਨੀ ਬਹੁਤ ਜ਼ਰੂਰੀ ਹੈ।
ਇਨ੍ਹਾਂ ਸਾਰੇ ਮਸਲਿਆਂ ’ਤੇ ਸਰਦਾਰ ਸਾਹਨੀ ਨੇ ਵਫ਼ਦ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਹ ਮਸਲੇ ਸੰਸਦ ਵਿੱਚ ਉਠਾਉਣਗੇ ਅਤੇ ਸੰਬੰਧਤ ਕੇਂਦਰੀ ਮੰਤਰੀਆਂ ਨਾਲ ਵੀ ਲਿਖਤੀ ਪੱਤਰਾਂ ਰਾਹੀਂ ਸਾਂਝਾ ਕਰਨਗੇ। ਉਨ੍ਹਾਂ ਕੌਮ ਦੀ ਭਲਾਈ, ਧਾਰਮਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਰੱਖਿਆ ਲਈ ਹਰ ਉਪਰਾਲੇ ਦਾ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ। ਮੀਟਿੰਗ ਦੌਰਾਨ ਸਰਦਾਰ ਸਾਹਨੀ ਨੂੰ ਇਸੇ ਸਾਲ ਅਕਤੂਬਰ ਮਹੀਨੇ ਚੰਡੀਗੜ੍ਹ ਵਿੱਚ ਹੋਣ ਵਾਲੀ ਕੌਂਸਲ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਜੋ ਉਨ੍ਹਾਂ ਨੇ ਸਵੀਕਾਰ ਕਰ ਲਿਆ।