ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਦੀਨਾਨਗਰ ਅੰਦਰ ‘ਬੀਐਲਏ ਟ੍ਰੇਨਿੰਗ ਪ੍ਰੋਗਰਾਮ’ ਦਾ ਆਯੋਜਨ
ਦੀਨਾਨਗਰ, 18 ਅਪ੍ਰੈਲ 2026 (ਮੰਨਨ ਸੈਣੀ)– ਦੇਸ਼ ਅੰਦਰ ਐਸ.ਆਈ.ਆਰ ਤਹਿਤ ਵੋਟਰਾਂ ਦੀ ਪਛਾਣ ਅਤੇ ਵੋਟਾਂ ਕੱਟਣ ਦੀ ਚੱਲ ਰਹੀ ਮਹਿੰਮ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਦੀਨਾਨਗਰ ਅੰਦਰ ‘ਬੀਐਲਏ ਟ੍ਰੇਨਿੰਗ ਪ੍ਰੋਗਰਾਮ’ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਪਾਰਟੀ ਵੱਲੋਂ ਨਿਯੁਕਤ ਕੋਆਰਡੀਨੇਟਰ ਪੰਜਾਬ ਐਸਆਈਆਰ ਅਮਨ ਦੇਹਾਤੀ, ਕੋਆਰਡੀਨੇਟਰ ਐਡਵੋਕੇਟ ਗਗਨਦੀਪ ਸਿੰਘ ਅਤੇ ਕੋਆਰਡੀਨੇਟਰ ਸ਼ੁਭਪ੍ਰੀਤ ਨੇ ਕਾਂਗਰਸੀ ਵਰਕਰਾਂ ਨੂੰ ਐਸਆਈਆਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੀਐਲਏ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਰਟੀ ਆਗੂਆਂ ਨੂੰ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ। ਇਹ ਟ੍ਰੇਨਿੰਗ ਪ੍ਰੋਗਰਾਮ ਹਲਕਾ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਦੀ ਦੇਖਰੇਖ ਹੇਠ ਹੋਇਆ ਅਤੇ ਦੋਨਾਂ ਮੁੱਖ ਆਗੂਆਂ ਨੇ ਵੀ ਇਸ ਦੌਰਾਨ ਕਾਂਗਰਸੀ ਵਰਕਰਾਂ ਨੂੰ ਐਸਆਈਆਰ ਤਹਿਤ ਵੋਟਰਾਂ ਦੀ ਹੋਣ ਵਾਲੀ ਪੁਣਛਾਂਣ ਦੇ ਲਈ ਤਿਆਰ ਤੇ ਚੌਕੰਨੇ ਹੋਣ ਦੀ ਗੱਲ ਆਖੀ।
ਕੋਆਰਡੀਨੇਟਰ ਪੰਜਾਬ ਅਮਨ ਦੇਹਾਤੀ ਨੇ ਕਿਹਾ ਕਿ ਇਸ ਟੇ੍ਰਨਿੰਗ ਪ੍ਰੋਗਰਾਮ ਦਾ ਉਦੇਸ਼ ਪੰਜਾਬ ਵਿੱਚ ਆਗਾਮੀ ਚੋਣਾਂ ਦੌਰਾਨ ਹੋਣ ਵਾਲੀ ਸੰਭਾਵਿਤ ਵੋਟ ਚੋਰੀ ਨੂੰ ਰੋਕਣਾ ਹੈ, ਜਿਸਦੇ ਲਈ ਕਾਂਗਰਸ ਪਾਰਟੀ ਨੇ ਹਰ ਬੂਥ ਪੱਧਰ ’ਤੇ ਆਪਣੇ ਬੀਐਲਏ (ਬੂਥ ਲੈਵਲ ਅਸਿਸਟੈਂਟ) ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ, ਜਿਨ੍ਹਾਂ ਦਾ ਕੰਮ ਸਰਕਾਰ ਵੱਲੋਂ ਨਿਯੁਕਤ ਬੀਐਲਓ ਦੇ ਕੰਮ ’ਤੇ ਨਜ਼ਰ ਰੱਖਣਾ ਹੈ ਅਤੇ ਇਹ ਦੇਖਣਾ ਹੈ ਕਿ ਐਸਆਈਆਰ ਸਕੀਮ ਤਹਿਤ ਵੋਟਰਾਂ ਦੀ ਪੁਣਛਾਂਣ ਜਾਂ ਨਵੀਆਂ ਵੋਟਾਂ ਬਣਨ ਦਾ ਕੰਮ ਪੂਰੀ ਨਿਰਪੱਖਤਾ ਨਾਲ ਹੋ ਰਿਹਾ ਹੈ ਜਾਂ ਨਹੀਂ। ਉਨ੍ਹਾਂ ਇਸ ਦੌਰਾਨ ਬੂਥ ਲੈਵਲ ਅਸਿਸਟੈਂਟ ਨੂੰ ਉਨ੍ਹਾਂ ਦੀਆਂ ਪਾਵਰਾਂ ਤੋਂ ਵੀ ਜਾਣੂ ਕਰਵਾਇਆ ਅਤੇ ਗ਼ਲਤ ਵੋਟ ਬਣਨ ਜਾਂ ਕੱਟਣ ’ਤੇ ਇਤਰਾਜ਼ ਤੇ ਕਲੇਮ ਕਰਨ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਕੋਆਰਡੀਨੇਟਰ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਜਿੰਨਾਂ ਵਿਅਕਤੀਆਂ ਦੀ ਵੋਟ 2003 ਵਿੱਚ ਬਣੀ ਹੈ, ਉਨ੍ਹਾਂ ਦੀ ਵੋਟ ਅੱਗੇ ਵੀ ਜਾਰੀ ਰਹੇਗੀ ਪਰ ਬਾਕੀਆਂ ਨੂੰ ਗਣਨਾ ਫਾਰਮ ਭਰ ਕੇ ਬੀਐਲਓ ਨੂੰ ਦੇਣਾ ਪਵੇਗਾ ਅਤੇ ਬੀਐਲਓ ਆਪਣੀ ਤੈਅ ਡਿਊਟੀ ਮੁਤਾਬਕ ਹਰੇਕ ਪਰਿਵਾਰ ਦੇ ਘਰ ਤਿੰਨ ਵਾਰ ਜ਼ਰੂਰ ਜਾਵੇਗਾ ਤਾਂ ਜੋ ਕੋਈ ਵੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਦੌਰਾਨ ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਵੋਟ ਚੋਰੀ ਦੇ ਮੁੱਦੇ ’ਤੇ ਪਹਿਲਾਂ ਹੀ ਅਹਿਮ ਖ਼ੁਲਾਸੇ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਸੋਚ ਹੈ ਕਿ ਜਿਵੇਂ ਭਾਜਪਾ ਨੇ ਹਰਿਆਣਾ ਤੇ ਮਹਾਂਰਾਸ਼ਟਰ ਵਿੱਚ ਵੋਟ ਚੋਰੀ ਦਾ ਹੱਥਕੰਡਾ ਅਪਨਾਇਆ ਸੀ, ਉਸਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸੇ ਤਹਿਤ ਕਾਂਗਰਸ ਪਾਰਟੀ ਆਪਣੇ ਬੀਐਲਏ ਨਿਯੁਕਤ ਕਰਕੇ ਉਨ੍ਹਾਂ ਨੂੰ ਭਾਜਪਾ ਦੇ ਮਨਸੂਬੇ ਫ਼ੇਲ ਕਰਨ ਲਈ ਤਿਆਰ ਰਹਿਣ ਦੀ ਟ੍ਰੇਨਿੰਗ ਦੇ ਰਹੀ ਹੈ। ਅਸ਼ੋਕ ਚੌਧਰੀ ਨੇ ਵਰਕਰਾਂ ਨੂੰ ਕਿਹਾ ਕਿ ਇਹ ਵੇਲਾ ਜਾਗਣ ਦਾ ਹੈ ਤਾਂ ਜੋ ਐਸਆਈਆਰ ਦੀ ਆੜ ਹੇਠ ਕਿਸੇ ਵੀ ਨਾਗਰਿਕ ਦੀ ਵੋਟ ਧੱਕੇ ਨਾਲ ਨਾ ਕੱਟੀ ਜਾਵੇ ਅਤੇ ਨਾ ਹੀ ਕੋਈ ਗ਼ਲਤ ਵੋਟ ਬਣ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ’ਚ ਯਕੀਨ ਰੱਖਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਗ਼ਲਤ ਤਰੀਕਿਆਂ ਨਾਲ ਜਿੱਤ ਹਾਸਲ ਕਰਨ ਦੇ ਖ਼ਿਲਾਫ਼ ਹੈ।
ਇਸ ਮੌਕੇ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਵਰਿੰਦਰ ਭਿੰਦਾ ਪ੍ਰਧਾਨ ਦੋਰਾਂਗਲਾ, ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਬਲਬੀਰ ਚੰਦ, ਵਾਈਸ ਚੇਅਰਪਰਸਨ ਗੁਰਮੀਤ ਕੌਰ, ਚੇਅਰਪਰਸਨ ਦੀਨਾਨਗਰ ਰਾਜ ਰਾਣੀ, ਵਾਈਸ ਚੇਅਰਮੈਨ ਰਮੇਸ਼ ਚੰਦਰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਅਮਰਜੀਤ ਸਿੰਘ ਬਹਿਰਾਮਪੁਰ, ਰਘਵੀਰ ਸਿੰਘ ਕਲੀਜਪੁਰ, ਸੀਨੀਅਰ ਮੀਡੀਆ ਇੰਚਾਰਜ ਦੀਪਕ ਭੱਲਾ, ਤਰਸੇਮ ਸ਼ਰਮਾ ਦੋਰਾਂਗਲਾ, ਡਾ. ਸਤਨਾਮ ਸਿੰਘ ਵਜ਼ੀਰਪੁਰ, ਅਜੇਪਾਲ ਮਕੌੜਾ, ਦਵਿੰਦਰ ਸਿੰਘ ਜੋਗਰ, ਸਰਪੰਚ ਸਰਬਜੀਤ ਕੌਰ ਜੋਗਰ, ਰੰਮੀ ਠਾਕੁਰ, ਪਰਮਜੀਤ ਕੌਰ ਬੈਂਸ, ਜਸਵੀਰ ਸਿੰਘ ਜੱਸਾ ਕਠਿਆਲੀ, ਹਰਜਿੰਦਰ ਸਿੰਘ ਗਵਾਲੀਆ, ਸੰਨੀ ਪੰਡੋਰੀ, ਗੁਰਪ੍ਰੀਤ ਸਿੰਘ ਗੋਖਾ, ਸੁਰਿੰਦਰ ਕੌਰ, ਬਲਵਿੰਦਰ ਕਲੌਤਰਾ, ਰਮੇਸ਼ ਕਲੌਤਰਾ, ਬਲਦੇਵ ਸੁਲਤਾਨੀ, ਸੁਰਿੰਦਰ ਗੋਲਡੀ ਅਵਾਂਖਾ, ਠਾਕੁਰ ਰਵਿੰਦਰ, ਰਾਜ ਕੁਮਾਰ, ਰਵਿੰਦਰ ਸਿੰਘ ਲਾਹੜੀਵੀਰਾਂ, ਸਰਪੰਚ ਮਲਕੀਤ ਭੂੰਡੇਵਾਲ, ਪ੍ਰਸ਼ੋਤਮ ਸਿੰਘ ਚੌਂਤਾ, ਦਿੱਗਵਿਜੇ ਸਿੰਘ, ਗੋਰੂ ਬਾਲਾਪਿੰਡੀ, ਸੁਰੇਸ਼ ਬਾਲਾਪਿੰਡੀ ਅਤੇ ਸਰਪੰਚ ਰੂਪ ਲਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।