Close

Recent Posts

ਪੰਜਾਬ

ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਾਂਗੇ: ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ

ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਾਂਗੇ: ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ
  • PublishedMarch 14, 2026

ਕਿਹਾ ਕਿ ਹਰ ਪਾਰਟੀ ਨੂੰ ਗਠਜੋੜ ਬਾਰੇ ਆਪਣਾ ਫੈਸਲਾ ਲੈਣ ਦਾ ਅਧਿਕਾਰ, ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਸਿਰਫ ਰਾਜ ਕਰਨ ਵਾਸਤੇ ਪੰਜਾਬ ਆਉਂਦੀਆਂ ਹਨ

ਕੁਮ ਕਲਾਂ ਵਿਖੇ 20 ਹਜ਼ਾਰ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ

ਸਾਹਨੇਵਾਲ/ ਚੰਡੀਗੜ੍ਹ, 14 ਮਾਰਚ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਡਟੇ ਰਹਿਣਗੇ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੂਬੇ ਦੇ ਲੋਕ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਡਟਣਗੇ ਤੇ ਇਸਨੂੰ ਲਾਮਿਸਾਲ ਜਿੱਤ ਪ੍ਰਦਾਨ ਕਰਨਗੇ।

ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਇਕੱਲਿਆਂ ਚੋਣਾਂ ਲੜਨ ਦੇ ਐਲਾਨ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦੇ ਤਹਿਤ 20 ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਪਾਰਟੀ ਨੂੰ ਗਠਜੋੜ ਦੇ ਮਾਮਲੇ ਵਿਚ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ 2024 ਦੀਆਂ ਪਾਰਲੀਮਾਨੀ ਚੋਣਾਂ ਇਕੱਲਿਆਂ ਲੜੀਆਂ ਤੇ ਸਾਡੇ ਵਾਸਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਸਭ ਤੋਂ ਉਪਰ ਹਨ।

ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਦਿੱਲੀ ਆਧਾਰਿਤ ਪਾਰਟੀਆਂ ਜੋ ਸਿਰਫ ਰਾਜ ਕਰਨ ਵਸਤੇ ਆਉਂਦੀਆਂ ਹਨ, ਤੋਂ ਬਿਲਕੁਲ ਵੱਖਰਾ ਹੈ ਤੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਿਧਾਂਤਾਂ ਵਾਸਤੇ ਡਟਿਆ ਹੈ ਤੇ ਡਟਿਆ ਰਹੇਗਾ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰਨ ਵਾਸਤੇ ਕਈ ਲਾਲਚ ਦਿੱਤੇਗਏ  ਪਰ ਉਹ 17 ਸਾਲਾਂ ਤੱਕ ਜੇਲ੍ਹਾਂ ਵਿਚ ਰਹੇ। ਉਹਨਾਂ ਕਿਹਾ ਕਿ ਮੈਂ ਵੀ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਕਰਦਾ ਰਹਾਂਗਾ। ਮੈਨੂੰ ਪੰਜਾਬੀਆਂ ਦੀ ਸਿਆਣਪ ’ਤੇ ਪੂਰਨ ਵਿਸ਼ਵਾਸ ਹੈ ਜਿਹਨਾ ਨਾਲ ਦਿੱਲੀ ਆਧਾਰਿਤ ਪਾਰਟੀਆਂ ਨੇ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਅਕਾਲੀ ਦਲ ਨੂੰ 100 ਤੋਂ ਵੱਧ ਸੀਟਾਂ ਦੇਣਗੇ।

ਇਸ ਤੋਂ ਪਹਿਲਾਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੀ ਅਮਿਤ ਸ਼ਾਹ ਜਾਂ ਮੋਦੀ ਜੀ ਤੁਹਾਡੇ ਵਾਸਤੇ ਉਹੀ ਚਿੰਤਾ ਕਰ ਸਕਦੇ ਹਨ ਜੋ ਬਾਦਲ ਪਰਿਵਾਰ ਜਾਂ ਅਕਾਲੀ ਦਲ ਕਰਦਾ ਹੈ ? ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੀਆਂ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਹਮੇਸ਼ਾ ਪੰਜਾਬੀਆਂ ਨਾਲ ਚੰਗੇ ਮਾੜੇ ਸਮੇਂ ਵਿਚ ਡਟਿਆ ਹੈ ਤੇ ਉਹਨਾਂ ਉਦਾਹਰਣ ਦਿੱਤੀ ਕਿ ਕਿਵੇਂ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਤੇ ਕੇਂਦਰ ਸਰਕਾਰ ਪੰਜਾਬੀਆਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਗਈ ਤਾਂ ਅਕਾਲੀ ਦਲ ਉਹਨਾਂ ਵਾਸਤੇ ਡਟਿਆ ਰਿਹਾ।

ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਇਹ ਯੂਨੀਵਰਸਿਟੀ ਸਥਾਪਿਤ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਸਾਡੇ ਨੌਜਵਾਨਾਂ ਨੂੰ ਇੰਡਸਟਰੀ ਦੀ ਮੰਗ ਮੁਤਾਬਕ ਸਿੱਖਲਾਈ ਮਿਲ ਸਕੇ। ਉਹਨਾਂ ਨੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਪਾਰਟੀ ਪ੍ਰਤੀ ਵਫਾਦਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਈ ਆਗੂ ਇਹ ਸੋਚ ਕੇ ਪਾਰਟੀ ਛੱਡ ਗਏ ਕਿ ਪਾਰਟੀ ਖ਼ਤਮ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਇਹੀ ਆਗੂ ਪਾਰਟੀ ਵਿਚ ਵਾਪਸ ਪਰਤ ਰਹੇ ਹਨ ਅਤੇ ਮੁੜ ਵਾਪਸੀ ਵਾਸਤੇ ਉਹਨਾਂ ਦੇ ਬੂਹੇ ਭੰਨ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਸਵਾਲ ਇਹ ਹੈ ਕਿ ਇਹ ਲੋਕ ਛੱਡ ਕੇ ਕਿਉਂ ਗਏ ਸਨ ? ਉਹਨਾਂ ਕਿਹਾ ਕਿ ਜੋ ਲੋਕ ਹਵਾ ਦੇ ਰੁੱਖ ਨਾਲ ਬਦਲਣ ਉਹਨਾਂ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਭ ਤੋਂ ਅਹਿਮ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਨਜ਼ਰ ਵਿਚ ਗਰੈਜੂਏਸ਼ਨ ਪੱਧਰ ਤੱਕ ਪੰਜਾਬ ਸਿੱਖਿਆ ਮੁਫਤ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵੀ ਅਸੀਂ ਅਜਿਹਾ ਹੀ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ, ਇੰਜੀਨੀਅਰਿੰਗ ਤੇ ਵੈਟਨਰੀ ਕਾਲਜ ਸਥਾਪਿਤ ਕਰਾਂਗੇ ਅਤੇ ਉਹਨਾਂ ਸਾਰੇ ਕਾਲਜਾਂ ਵਿਚ 50 ਫੀਸਦੀ ਸੀਟਾਂ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਰਾਖਵੀਂਆਂ ਕਰਾਂਗੇ ਜਿਹਨਾਂ ਦੀ ਫੀਸ ਸਰਕਾਰ ਅਦਾ ਕਰੇਗੀ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰ ਤੇ ਨਸ਼ਾ ਮਾਫੀਆ ਦਾ ਖ਼ਾਤਮਾ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਤਹਿਤ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਾ ਮਿਲ ਸਕੇ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋ ਸਕਣ। ਉਹਨਾਂ ਅਗਲੀ ਸਰਕਾਰ ਦੀ ਇਕ ਹੋਰ ਤਰਜੀਹ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਉਦਯੋਗਿਕ ਤੇ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਤੇ ਬਿਆਸ ਦਰਿਆ ਵਿਚ ਨਹੀਂ ਜਾਣ ਦਿਆਂਗੇ। ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਟਾਕਰੇ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਰਾਜਸਥਾਨ ਨਹਿਰ ਵਿਚ ਇਕ ਵੀ ਬੂੰਦ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜ਼ਿੰਮੇਵਾਰ ਹੈ ਤੇ ਅਕਾਲੀ ਦਲ ਇਸ ਇਤਿਹਾਸਕ ਅਨਿਆਂ ਨੂੰ ਠੀਕ ਕਰੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਤੋਂ ਜਾਂਦਾ ਪਾਣੀ ਰੋਕ ਕ ਪੰਜਾਬ ਦੇ ਖੇਤਾਂ ਵੱਲ ਮੋੜਿਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਜਿਹੜੇ ਵਪਾਰੀ ਟੈਕਸ ਅਤਿਵਾਦ ਝਲ ਰਹੇ ਹਨ ਉਹਨਾਂ ਵਾਸਤੇ ’ਰਾਹਤ’ ਸਕੀਮ ਸ਼ੁਰੂ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਾਂਗੇ  ਤਾਂ ਜੋ ਉਹਨਾਂ ਨੂੰ ਉਦਮੀ ਬਣਾਇਆ ਜਾ ਸਕੇ ਅਤੇ ਅਸੀਂ ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਨੂੰ ਮੁੜ ਸ਼ੁਰੂ ਕਰ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਦੇ ਨਾਲ ਨਾਲ ਸ਼ਗਨ ਸਕੀਮ ਵਧਾ ਕੇ 1 ਲੱਖ ਰੁਪਏ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੇਕਸ਼ਨ ਨਹੀਂ ਹੋਣਗੇ, ਉਹਨਾਂ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਲਾਕੇ ਵਿਚ ਮਾਇਨਿੰਗ ਦਾ ਹੱਕ ਮਿਲਣਾ ਚਾਹੀਦਾ ਹੈ ਜਿਥੇ ਉਹਨਾਂ ਨੇ ਹੜ੍ਹਾਂ ਦਾ ਸੰਤਾਪ ਹੰਢਾਇਆ ਹੈ। ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਿਮਰਨਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸੀਨੀਅਰ ਆਗੂ ਕਮਲ ਚੇਤਲੀ,ਰਣਜੀਤ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਭਿੰਦਾ ਵੀ ਮੌਜੂਦ ਸਨ

Written By
The Punjab Wire