Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਪੁਲਿਸ ਕਤਲ ਕਾਂਡ: ਤੀਜਾ ਮੁੱਖ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ‘ਪਾਕਿਸਤਾਨੀ ਕਨੈਕਸ਼ਨ’ ਅਤੇ ਐਨਕਾਊਂਟਰ ‘ਤੇ ਸਿਆਸਤ ਗਰਮਾਈ

ਗੁਰਦਾਸਪੁਰ ਪੁਲਿਸ ਕਤਲ ਕਾਂਡ: ਤੀਜਾ ਮੁੱਖ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ‘ਪਾਕਿਸਤਾਨੀ ਕਨੈਕਸ਼ਨ’ ਅਤੇ ਐਨਕਾਊਂਟਰ ‘ਤੇ ਸਿਆਸਤ ਗਰਮਾਈ
  • PublishedFebruary 27, 2026

ਗੁਰਦਾਸਪੁਰ, 27 ਫਰਵਰੀ 2026 (ਮੰਨਣ ਸੈਣੀ)। ਗੁਰਦਾਸਪੁਰ ਦੇ ਪਿੰਡ ਆਦੀਆਂ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਵਾਰਦਾਤ ਦੇ ਮੁੱਖ ਮਾਸਟਰਮਾਈਂਡ ਅਤੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਪਾਕਿਸਤਾਨੀ ਹੈਂਡਲਰ ‘ਚਾਚਾ’ ਨਾਲ ਸਬੰਧਾਂ ਦਾ ਖ਼ੁਲਾਸਾ

ਸੂਤਰਾਂ ਅਨੁਸਾਰ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ ਕਿ ਫੜਿਆ ਗਿਆ ਮੁਲਜ਼ਮ ਇੰਦਰਜੀਤ ਸਿੰਘ ਸਰਹੱਦ ਪਾਰ ਬੈਠੇ ‘ਚਾਚਾ’ ਨਾਮਕ ਇੱਕ ਪਾਕਿਸਤਾਨੀ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਿਲਾਵਰ ਸਿੰਘ ਨੇ ਮੀਡੀਆ ਸਾਹਮਣੇ ਮੰਨਿਆ ਕਿ ਨਾਕੇ ‘ਤੇ ਤਾਇਨਾਤ ਏਐਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ‘ਤੇ ਗੋਲੀਆਂ ਇੰਦਰਜੀਤ ਅਤੇ ਰਣਜੀਤ ਸਿੰਘ (ਜੋ ਐਨਕਾਊਂਟਰ ਵਿੱਚ ਮਾਰਿਆ ਗਿਆ) ਨੇ ਚਲਾਈਆਂ ਸਨ। ਦਿਲਾਵਰ ਮੁਤਾਬਕ ਉਸ ਨੂੰ ਸਿਰਫ਼ ਮੁਲਜ਼ਮਾਂ ਨੂੰ ਮੌਕੇ ਤੋਂ ਭਜਾਉਣ ਲਈ 20,000 ਰੁਪਏ ਦਾ ਲਾਲਚ ਦਿੱਤਾ ਗਿਆ ਸੀ, ਪਰ ਉਸ ਨੂੰ ਸਿਰਫ਼ 3,000 ਰੁਪਏ ਹੀ ਮਿਲੇ।

ਐਨਕਾਊਂਟਰ ‘ਤੇ ਸਿਆਸੀ ਘਮਾਸਾਨ

ਬੁੱਧਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮੁਲਜ਼ਮ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸੂਬੇ ਵਿੱਚ ਸਿਆਸੀ ਪਾਰਾ ਚੜ੍ਹ ਗਿਆ । ਅੱਜ ਸ਼ੁਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕਾ ਅਰੁਣਾ ਚੌਧਰੀ, ਵਿਧਾਇਕ ਬਰਿੰਦਰਮੀਤ ਪਾਹੜਾ ਸਮੇਤ ਹੋਰ ਵੱਖ ਵੱਖ ਆਗੂਆ ਨੇ ਮ੍ਰਿਤਕ ਰਣਜੀਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

  • ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਕਥਿਤ ਤੌਰ ਤੇ ‘ਫਰਜ਼ੀ ਐਨਕਾਊਂਟਰ’ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
  • ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਐਸਪੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ੁਰੂਆਤ ਵਿੱਚ ਇਸ ਘਟਨਾ ਨੂੰ ਪੁਲਿਸ ਮੁਲਾਜ਼ਮਾਂ ਦੀ ਆਪਸੀ ਲੜਾਈ ਦੱਸ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਪੋਸਟਮਾਰਟਮ ਨੂੰ ਲੈ ਕੇ ਟਕਰਾਅ ਬਰਕਰਾਰ

ਹਸਪਤਾਲ ਵਿੱਚ ਰਣਜੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਲਗਾਤਾਰ ਤੀਜੇ ਦਿਨ ਵੀ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰ ਡਾਕਟਰਾਂ ਦੇ ਵਿਸ਼ੇਸ਼ ਬੋਰਡ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਦੀ ਮੰਗ ‘ਤੇ ਅੜੇ ਹੋਏ ਹਨ। ਪ੍ਰਸ਼ਾਸਨ ਅਤੇ ਪਰਿਵਾਰ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

1 ਮਾਰਚ ਨੂੰ ਧਰਨੇ ਦਾ ਐਲਾਨ

ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ 1 ਮਾਰਚ ਨੂੰ ਗੁਰਦਾਸਪੁਰ ਦੇ ਇੱਕ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਰਣਜੀਤ ਸਿੰਘ ਦੇ ਤਾਏ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਹਾਲਾਤਾਂ ਵਿੱਚ ਸ਼ਰਾਰਤੀ ਅਨਸਰਾਂ ਅਤੇ ਗਰਮ ਖਿਆਲੀ ਲੋਕਾਂ ਦੇ ਸਰਗਰਮ ਹੋਣ ਦੇ ਖ਼ਦਸ਼ੇ ਨੂੰ ਦੇਖਦਿਆਂ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ।

Written By
The Punjab Wire