ਪੰਜਾਬ

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ
  • PublishedFebruary 11, 2026

ਟਰੰਪ ਨੇ ਭਾਰਤੀ ਵਸਤਾਂ ‘ਤੇ 18% ਟੈਕਸ ਲਾਇਆ, ਪਰ ਮੋਦੀ ਸਰਕਾਰ ਨੇ ਅਮਰੀਕੀ ਮਾਲ ਲਈ ਭਾਰਤ ਦੇ ਬੂਹੇ ‘ਜ਼ੀਰੋ ਟੈਕਸ’ ‘ਤੇ ਖੋਲ੍ਹੇ: ਧਾਲੀਵਾਲ

ਜਾਖੜ ਸਾਹਿਬ, ਗੋਲ-ਮੋਲ ਗੱਲਾਂ ਛੱਡੋ ਅਤੇ ਡੀਲ ਦਾ ‘ਡਰਾਫਟ’ ਜਨਤਕ ਕਰੋ, ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ: ਵਿਧਾਇਕ ਧਾਲੀਵਾਲ

ਜਿਵੇਂ ਬਾਦਲ ਪਰਿਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਾ ਸੀ, ਉਸੇ ਤਰ੍ਹਾਂ ਜਾਖੜ ਸਾਹਿਬ ਵੀ ਇਸ ਡੀਲ ਦੀ ਵਕਾਲਤ ਕਰ ਰਹੇ ਹਨ:ਧਾਲੀਵਾਲ

ਧਾਲੀਵਾਲ ਦੀ ਜਾਖੜ ਨੂੰ ਨਸੀਹਤ, ਕਿਹਾ- ਮੋਦੀ ਦੀ ਚਾਕਰੀ ਕਰਦਿਆਂ ਕਿਤੇ ਤੁਹਾਡਾ ਹਸ਼ਰ ਵੀ ਅਕਾਲੀਆਂ ਵਰਗਾ ਨਾ ਹੋ ਜਾਵੇ

 ਚੰਡੀਗੜ੍ਹ, 11 ਫਰਵਰੀ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਟ੍ਰੇਡ ਡੀਲ ਦੀ ਵਕਾਲਤ ਕਰ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਸਮਝੌਤੇ ਨੂੰ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ‘ਗੱਦਾਰੀ’ ਕਰਾਰ ਦਿੱਤਾ ਹੈ। ਧਾਲੀਵਾਲ ਨੇ ਜਾਖੜ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਉਹ ਮੀਡੀਆ ਵਿੱਚ ਸਿਫ਼ਤਾਂ ਦੇ ਪੁਲ ਬੰਨ੍ਹਣ ਦੀ ਬਜਾਏ ਇਸ ਡੀਲ ਦਾ ਅਸਲੀ ਡਰਾਫਟ ਜਨਤਕ ਕਰਨ।

ਬੁਧਵਾਰ ਨੂੰ ਆਪ ਆਗੂ ਪ੍ਰਭਵੀਰ ਬਰਾੜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੰਪ ਸਰਕਾਰ ਨੇ ਭਾਰਤੀ ਵਸਤਾਂ ‘ਤੇ ਟੈਰਿਫ ਵਧਾ ਕੇ 18% ਕਰ ਦਿੱਤਾ ਹੈ, ਜਦਕਿ ਮੋਦੀ ਸਰਕਾਰ ਨੇ ਗੋਡੇ ਟੇਕਦਿਆਂ ਅਮਰੀਕੀ ਵਸਤਾਂ ‘ਤੇ ਟੈਕਸ 7.7% ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਜਦੋਂ ਅਮਰੀਕੀ ਕਿਸਾਨ ਭਾਰਤ ਵਿੱਚ ਬਿਨਾਂ ਕਿਸੇ ਟੈਕਸ ਦੇ ਮਾਲ ਵੇਚੇਗਾ ਅਤੇ ਸਾਡੇ ਕਿਸਾਨ ਨੂੰ ਅਮਰੀਕਾ ਵਿੱਚ 18% ਟੈਕਸ ਦੇਣਾ ਪਵੇਗਾ, ਤਾਂ ਇਹ ਬਰਾਬਰੀ ਦਾ ਸੌਦਾ ਕਿਵੇਂ ਹੋਇਆ? ਇਹ ਦੇਸ਼ ਦੇ ਹਿੱਤ ਵਿੱਚ ਕਿੱਦਾਂ ਹੈ?

ਧਾਲੀਵਾਲ ਨੇ ਚਿਤਾਵਨੀ ਦਿੱਤੀ ਕਿ ਇਸ ਡੀਲ ਰਾਹੀਂ ਅਮਰੀਕਾ ਦੀ ‘ਲਾਲ ਜਵਾਰ’ ਭਾਰਤੀ ਮੰਡੀਆਂ ‘ਤੇ ਕਬਜ਼ਾ ਕਰ ਲਵੇਗੀ, ਜਿਸ ਨਾਲ ਪੰਜਾਬ, ਯੂਪੀ ਅਤੇ ਮਹਾਰਾਸ਼ਟਰ ਦੇ ਮੱਕੀ, ਬਾਜਰਾ ਅਤੇ ਜਵਾਰ ਉਗਾਉਣ ਵਾਲੇ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰੋ ਟੈਰਿਫ ਕਾਰਨ ਕਸ਼ਮੀਰ ਅਤੇ ਹਿਮਾਚਲ ਦਾ ਸੇਬ, ਬਦਾਮ ਅਤੇ ਅਖਰੋਟ ਉਤਪਾਦਕ ਵੀ ਸੜਕਾਂ ‘ਤੇ ਆ ਜਾਵੇਗਾ।

ਸੁਨੀਲ ਜਾਖੜ ‘ਤੇ ਤੰਜ਼ ਕੱਸਦਿਆਂ ਧਾਲੀਵਾਲ ਨੇ ਕਿਹਾ ਕਿ ਜਾਖੜ ਸਾਹਿਬ, ਤੁਸੀਂ ਅੱਜ ਉਸੇ ਤਰ੍ਹਾਂ ਇਸ ਡੀਲ ਦੀ ਵਕਾਲਤ ਕਰ ਰਹੇ ਹੋ ਜਿਵੇਂ ਕਦੇ ਬਾਦਲ ਪਰਿਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਕਰਦਾ ਸੀ। ਅੱਜ ਅਕਾਲੀ ਦਲ ਦੀ ਸਿਆਸੀ ਹਾਲਤ ਸਭ ਦੇ ਸਾਹਮਣੇ ਹੈ। ਕਿਤੇ ਮੋਦੀ ਦੀ ਚਾਕਰੀ ਕਰਦਿਆਂ ਤੁਹਾਡਾ ਹਸ਼ਰ ਵੀ ਅਕਾਲੀਆਂ ਵਰਗਾ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਜਾਖੜ ਪਹਿਲਾਂ ਕਾਂਗਰਸ ਵਿੱਚ ਰਹਿ ਕੇ ਗਾਂਧੀ ਪਰਿਵਾਰ ਦੀ ਚਾਕਰੀ ਕਰਦੇ ਸਨ ਅਤੇ ਹੁਣ ਮੋਦੀ ਦੇ ਗੁਣਗਾਣ ਕਰਕੇ ਦੇਸ਼ ਦੇ ਹਿੱਤ ਵੇਚਣ ‘ਤੇ ਤੁਲੇ ਹੋਏ ਹਨ।

ਆਪ’ ਬੁਲਾਰੇ ਨੇ ਕਿਹਾ ਕਿ ਅੱਜ ਤੱਕ ਇਸ ਡੀਲ ਦੀ ਜਾਣਕਾਰੀ ਸਿਰਫ਼ ਟਰੰਪ ਦੇ ਟਵੀਟਾਂ ਤੋਂ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਨਾ ਤਾਂ ਸੰਸਦ ਵਿੱਚ ਕੁਝ ਦੱਸਿਆ ਅਤੇ ਨਾ ਹੀ ਦੇਸ਼ ਨੂੰ ਭਰੋਸੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਅਮਰੀਕਾ ਕੋਲ ਗਿਰਵੀ ਰੱਖ ਦਿੱਤਾ ਹੈ।

ਧਾਲੀਵਾਲ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਪੂਰੇ ਦੇਸ਼ ਵਾਸੀਆਂ ਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਜਾਖੜ ਦੇ ਹਰ ਝੂਠ ਦਾ ਰੋਜ਼ਾਨਾ ਜਵਾਬ ਦੇਣਗੇ ਅਤੇ ਭਾਜਪਾ ਦੇ ਇਸ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦੇ ਰਹਿਣਗੇ।

Written By
The Punjab Wire