ਮੁਕਤਸਰ ਦੀ ਧਰਤੀ ਤੋਂ ਆਪ ਸਰਕਾਰ ’ਤੇ ਕਰਾਰਾ ਹਮਲਾ, ਮਾਘੀ ਮੇਲੇ ਦੌਰਾਨ ਭਾਜਪਾ ਦੀ ਤਾਕਤ ਦਾ ਪ੍ਰਦਰਸ਼ਨ
ਨਸ਼ੇ, ਗੈਂਗਸਟਰਵਾਦ ਤੇ ਕਾਨੂੰਨ-ਵਿਵਸਥਾ ’ਤੇ ਘੇਰਾਬੰਦੀ, 40 ਮੁਕਤਿਆਂ ਨੂੰ ਨਮਨ ਕਰਦਿਆਂ ਭਾਜਪਾ ਆਗੂਆਂ ਨੇ ਪੰਜਾਬ ਨੂੰ ‘ਡਬਲ ਇੰਜਨ’ ਸਰਕਾਰ ਦੀ ਲੋੜ ਦੱਸੀ
ਚੰਡੀਗੜ੍ਹ / ਸ਼੍ਰੀ ਮੁਕਤਸਰ ਸਾਹਿਬ, 14 ਜਨਵਰੀ 2026 (ਦੀ ਪੰਜਾਬ ਵਾਇਰ)—-ਪੰਜਾਬ ਅਤੇ ਹਰਿਆਣਾ ਸਿਰਫ਼ ਗੁਆਂਢੀ ਸੂਬੇ ਨਹੀਂ ਹਨ, ਸਗੋਂ ਦੋਹਾਂ ਨੂੰ ਸੱਭਿਆਚਾਰ, ਇਤਿਹਾਸ ਅਤੇ ਖੂਨ ਦੇ ਰਿਸ਼ਤੇ ਜੋੜਦੇ ਹਨ | ਜਦੋਂ ਪੰਜਾਬ ‘ਤੇ ਕੁਦਰਤੀ ਆਫ਼ਤ ਆਈ ਤਾਂ ਹਰਿਆਣਾ ਦੇ ਲੋਕ ਦਿਲ ਖੋਲ੍ਹ ਕੇ ਮਦਦ ਲਈ ਅੱਗੇ ਆਏ, ਪਰ ਉਸ ਸਮੇਂ ਪੰਜਾਬ ਦੀ ਆਪ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਤੇ ਵੀ ਨਜ਼ਰ ਨਹੀਂ ਆਏ | ਇਹ ਕਹਿਣਾ ਸੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ, ਜੋ 40 ਮੁਕਤਿਆਂ ਦੀ ਪਾਵਨ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਕੀਤੀ ਗਈ ਪਹਿਲੀ ਕਾਨਫ਼ਰੰਸ ਦੋਰਾਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਆਪ ਸਰਕਾਰ ‘ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੇ ਕਿਸਾਨ ਅਜੇ ਵੀ ਇੰਨਸਾਫ਼ ਦੀ ਉਡੀਕ ਕਰ ਰਹੇ ਹਨ | ਇਸ ਦੇ ਉਲਟ, ਹਰਿਆਣਾ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਕਿਸਾਨਾਂ ਨੂੰ ਐਮਐਸਪੀ ‘ਤੇ ਫ਼ਸਲ ਖਰੀਦ, ਸਮੇਂ-ਸਿਰ ਅਦਾਇਗੀ, ਫ਼ਸਲ ਨੁਕਸਾਨ ਦਾ ਮੁਆਵਜ਼ਾ, ਸਿਹਤ ਯੋਜਨਾਵਾਂ ਅਤੇ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਦੇ ਰਹੀ ਹੈ |
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੱਖ ਇਤਿਹਾਸ ਦੀ ਸ਼ੂਰਵੀਰਤਾ, ਕੁਰਬਾਨੀ ਅਤੇ ਸੱਚ ਦੇ ਮਾਰਗ ਦੀ ਪ੍ਰਤੀਕ ਹੈ | ਉਨ੍ਹਾਂ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਦਿਆਂ ਆਖਿਆ ਕਿ ਭਾਈ ਮਹਾ ਸਿੰਘ ਅਤੇ ਮਾਈ ਭਾਗੋ ਜੀ ਦੀ ਅਗਵਾਈ ਹੇਠ ਮੁਕਤਿਆਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ‘ਚ ਆਪਣੇ ਜਾਨ ਨਿਛਾਵਰ ਕਰਕੇ ਸੱਚੀ ਮੁਕਤੀ ਪ੍ਰਾਪਤ ਕੀਤੀ |
ਭਾਜਪਾ ਦੇ ਕੋਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੇ ਸੰਬੋਧਨ ਦੌਰਾਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਇਹ ਮੇਲਾ ਸਿਰਫ਼ ਧਾਰਮਿਕ ਸਮਾਗਮ ਨਹੀਂ, ਸਗੋਂ ਸ਼ਹਾਦਤ, ਤਿਆਗ ਅਤੇ ਗੁਰੂ ਸਾਹਿਬਾਨ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ | ਅੱਜ ਪੰਜਾਬ ਵਿਚ ਸਿੱਖ ਮਰਿਆਦਾਵਾਂ ਅਤੇ ਗੁਰੂ ਪਰੰਪਰਾਵਾਂ ਦੇ ਖਿਲਾਫ ਸੋਚੀ-ਸਮਝੀ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਸਰਕਾਰ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਗਾਇਆ ਕਿ ਗੁਰੂ ਰਹਿਤ ਮਰਿਆਦਾ ਅਤੇ ਗੁਰਦੁਆਰਿਆਂ ਦੇ ਮਾਮਲੇ ਵਿੱਚ ਲਗਾਤਾਰ ਵਿਵਾਦਿਤ ਬਿਆਨ ਅਤੇ ਕਦਮ ਚੁੱਕੇ ਜਾ ਰਹੇ ਹਨ |
1984 ਦੇ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਨੇ ਸਾਲਾਂ ਤੱਕ ਦੋਸ਼ੀਆਂ ਨੂੰ ਬਚਾਇਆ, ਪਰ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਸ ਮੁੜ ਖੋਲ੍ਹੇ ਗਏ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਹੋਈ | ਉਨ੍ਹਾਂ ਕਾਂਗਰਸ ਦੇ ਮੌਜੂਦਾ ਪੰਜਾਬੀ ਨੇਤਾਵਾਂ ਤੋਂ ਇਸ ਮਾਮਲੇ ‘ਤੇ ਸਪਸ਼ਟੀਕਰਨ ਵੀ ਮੰਗਿਆ | ਭਾਜਪਾ ਨੇਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅਤੇ ਪੰਜਾਬੀਅਤ ਦੇ ਸਨਮਾਨ ਲਈ ਇਕਜੁੱਟ ਹੋ ਕੇ ਭਾਜਪਾ ਦਾ ਸਾਥ ਦਿੱਤਾ ਜਾਵੇ ਅਤੇ ‘ਗੁਰੂਆਂ ਦੇ ਅਪਮਾਨ ਕਰਨ ਵਾਲੀਆਂ ਤਾਕਤਾਂ‘ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ |
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮਾਘੀ ਦੇ ਪਾਵਨ ਤਿਉਹਾਰ ਮੌਕੇ ਭਾਜਪਾ ਵਲੋਂ ਪਹਿਲੀ ਵਾਰ ਸ਼੍ਰੀ ਮੁਕਤਸਰ ਸਾਹਿਬ ‘ਚ ਸੂਬਾ ਪੱਧਰੀ ਕਾਨਫਰੰਸ ਦੋਰਾਨ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਪਾਰਟੀ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨਾਲ ਪੰਜਾਬ ਦੀ ਬਿਹਤਰੀ ਲਈ ਪੂਰੀ ਵਚਨਬੱਧਤਾ ਨਾਲ ਅੱਗੇ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਮੌਜੂਦਾ ਮੁਸ਼ਕਲ ਦੌਰ ਵਿਚੋਂ ਸੂਬੇ ਨੂੰ ਬਾਹਰ ਕੱਢਣ ਦੀ ਸਮਰੱਥਾ ਸਿਰਫ਼ ਭਾਜਪਾ ਕੋਲ ਹੈ |
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਨਸ਼ਿਆਂ, ਭਿ੍ਸ਼ਟਾਚਾਰ, ਗੈਂਗਸਟਰਵਾਦ ਅਤੇ ਅਮਨ-ਕਾਨੂੰਨ ਦੀ ਮਾੜੀ ਸਥਿਤੀ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧਾਉਣ ਲਈ ਭਾਜਪਾ ਵਰਗੀ ਮਜ਼ਬੂਤ ਅਤੇ ਸਮਰੱਥ ਸਰਕਾਰ ਦੀ ਲੋੜ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਮੇਤ ਕਈ ਅਜਿਹੇ ਇਤਿਹਾਸਕ ਫੈਸਲੇ ਕੀਤੇ ਗਏ ਹਨ, ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ | ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਭਾਰੀ ਭੁਪੇਸ਼ ਬਘੇਲ ਵਲੋਂ 2021 ‘ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ‘ਗਲਤੀ‘ ਕਰਾਰ ਦੇਣ ਵਾਲੇ ਬਿਆਨ ਦੀ ਸਖ਼ਤ ਨਿੰਦਾ ਕੀਤੀ | ਜਾਖੜ ਨੇ ਕਿਹਾ ਕਿ ਜੇਕਰ ਕਾਂਗਰਸ ਇੱਕ ਐਸਸੀ ਭਾਈਚਾਰੇ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਗਲਤੀ ਮੰਨਦੀ ਹੈ ਤਾਂ ਇਹ ਉਸ ਦੀ ਫਿਰਕੂ ਅਤੇ ਵੰਡ ਪਾਉਣ ਵਾਲੀ ਸੋਚ ਨੂੰ ਦਰਸਾਉਂਦਾ ਹੈ, ਜਿਸ ਨੂੰ ਪੰਜਾਬ ਕਦੇ ਸਵੀਕਾਰ ਨਹੀਂ ਕਰੇਗਾ |
ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਦੌਰ ‘ਚ ਭਿ੍ਸ਼ਟਾਚਾਰ ਚਰਮ ਸੀਮਾ ‘ਤੇ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਹਾਲਾਤਾਂ ਵਿਚੋਂ ਪੰਜਾਬ ਨੂੰ ਸਿਰਫ਼ ਭਾਜਪਾ ਹੀ ਬਾਹਰ ਕੱਢ ਸਕਦੀ ਹੈ |
ਪੰਜਾਬ ਭਾਜਪਾ ਦੇ ਕਾਰਜ਼ਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਮੌਕੇ ਭਾਜਪਾ ਦੀ ਸਿਆਸੀ ਕਾਨਫਰੰਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਤੀ ਸਾਨੂੰ ਜ਼ੁਲਮ ਵਿਰੁੱਧ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਮਾਹੌਲ ਚਿੰਤਾਜਨਕ ਹੈ ਅਤੇ ਸੂਬੇ ਵਿਚ ਕਾਨੂੰਨ ਦਾ ਰਾਜ ਲਗਭਗ ਖਤਮ ਹੋ ਚੁੱਕਾ ਹੈ | ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਰੰਗਲਾ ਪੰਜਾਬ‘ ਦੇ ਵਾਅਦੇ ਨਾਲ ਬਣੀ ਸਰਕਾਰ ਨੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ‘ਚ ਹਰ ਰੋਜ਼ ਗੋਲੀਬਾਰੀ, ਕਤਲ ਅਤੇ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਜਿਹੜੀ ਸਰਕਾਰ ਆਪਣੇ ਸਰਪੰਚਾਂ ਅਤੇ ਲੋਕਪ੍ਰਤੀਨਿਧੀਆਂ ਦੀ ਸੁਰੱਖਿਆ ਨਹੀਂ ਕਰ ਸਕਦੀ, ਉਹ ਆਮ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖੇਗੀ |
ਵਲਟੋਆ ਪਿੰਡ ਦਾ ਹਵਾਲਾ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਥੇ ਸਰਪੰਚ ਦੀ ਹੱਤਿਆ ਤੋਂ ਬਾਅਦ ਪੂਰਾ ਪਿੰਡ ਦਹਿਸ਼ਤ ਵਿਚ ਹੈ ਅਤੇ ਲੋਕਾਂ ਨੂੰ ਪਿੰਡ ਛੱਡਣ ਜਾਂ ਫਿਰੌਤੀ ਦੇ ਡਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ‘ਚ ਲੋਕ ਖੁਦ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਨੂੰ ਸਖ਼ਤ ਕਾਨੂੰਨ ਵਾਲਾ ਰਾਜ ਚਾਹੀਦਾ ਹੈ |
ਮਨਰੇਗਾ, ਗਰੀਬ ਕਲਿਆਣ ਯੋਜਨਾਵਾਂ ਅਤੇ ਕਿਸਾਨਾਂ ਦੇ ਮੁੱਦੇ ‘ਤੇ ਵੀ ਉਨ੍ਹਾਂ ਆਪ ਸਰਕਾਰ ਨੂੰ ਘੇਰਿਆ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ ਫੰਡ ਗਰੀਬਾਂ ਤੱਕ ਨਹੀਂ ਪਹੁੰਚੇ ਅਤੇ ਕਿਸਾਨਾਂ ਨਾਲ ਐਮਐਸਪੀ ਦੇ ਵਾਅਦੇ ਅਧੂਰੇ ਰਹੇ | ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿਚ ਭਾਜਪਾ ਸਰਕਾਰ 24 ਫ਼ਸਲਾਂ ‘ਤੇ ਐਮਐਸਪੀ ਦੇ ਰਹੀ ਹੈ | ਪੰਜਾਬ ‘ਚ ਕਾਨੂੰਨ ਦਾ ਰਾਜ, ਨਸ਼ਾ ਮੁਕਤੀ ਅਤੇ ਵਿਕਾਸ ਕੇਵਲ ਭਾਜਪਾ ਹੀ ਲਿਆ ਸਕਦੀ ਹੈ | ਉਨ੍ਹਾਂ ਲੋਕਾਂ ਨੂੰ ਇਕਜੁੱਟ ਹੋ ਕੇ ‘ਸੋਹਣਾ ਪੰਜਾਬ‘ ਬਣਾਉਣ ਦਾ ਸੱਦਾ ਦਿੱਤਾ |
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਚਾਹੇ ਕਾਂਗਰਸ ਹੋਵੇ ਜਾਂ ਅਕਾਲੀ ਬੇਅਦਬੀ ਕਰਨ ਵਾਲਿਆਂ, ਲੁੱਟ ਖੋਹ ਅਤੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਕਦੇ ਵੀ ਸਜ਼ਾ ਨਹੀਂ ਮਿਲੀ, ਪਰ ਅੱਜ ਆਮ ਆਦਮੀ ਪਾਰਟੀ ਵੀ ਉਸੇ ਰਾਹ ‘ਤੇ ਤੁਰ ਰਹੀ ਹੈ | ਬਿੱਟੂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸਰਕਾਰੀ ਬੱਸਾਂ ਅਤੇ ਸਰੋਤਾਂ ਦੀ ਦੁਰਵਰਤੋਂ ਕਰਕੇ ਰੈਲੀਆਂ ‘ਚ ਭੀੜ ਇਕੱਠੀ ਕੀਤੀ | ਸੂਬੇ ਭਰ ਤੋਂ ਲਗਭਗ 6 ਹਜ਼ਾਰ ਮੁਲਾਜ਼ਮ ਸੁਰੱਖਿਆ ਲਈ ਲਗਾਏ ਗਏ ਹਨ ਅਤੇ ਹਰ ਬੱਸ ਦੀ ਕੜੀ ਨਿਗਰਾਨੀ ਕੀਤੀ ਗਈ, ਜੋ ਸਰਕਾਰੀ ਤੰਤਰ ਦੇ ਗਲਤ ਇਸਤੇਮਾਲ ਨੂੰ ਦਰਸਾਉਂਦਾ ਹੈ |
ਦਿੱਲੀ ਵਿਧਾਨ ਸਭਾ ‘ਚ ਗੁਰੂ ਸਾਹਿਬਾਨ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਇਹ ਸਿੱਖ ਧਰਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਬੇਅਦਬੀ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਜਨਤਕ ਤੌਰ ‘ਤੇ ਮਾਫ਼ੀ ਮੰਗਣ ਅਤੇ ਸਪਸ਼ਟ ਕਰਨ ਕਿ ਗੁਰੂ ਸਾਹਿਬਾਨ ਬਾਰੇ ਕੀਤੀ ਗਈਆਂ ਟਿੱਪਣੀਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ | ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਭਿ੍ਸ਼ਟਾਚਾਰ ਦੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੈਸਾ ਵਿਦੇਸ਼ਾਂ ਵਿਚ ਜਮਾ ਕਰਵਾਇਆ ਜਾ ਰਿਹਾ ਹੈ ਅਤੇ ਜਾਂਚ ਏਜੰਸੀਆਂ ਦੇ ਸਾਹਮਣੇ ਸਹੀ ਹਿਸਾਬ ਨਹੀਂ ਦਿੱਤਾ ਗਿਆ | ਬਿੱਟੂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ‘ਡਬਲ ਇੰਜਨ‘ ਵਾਲੀ ਸਰਕਾਰ ਜ਼ਰੂਰੀ ਹੈ ਅਤੇ ਲੋਕਾਂ ਨੂੰ ਭਾਜਪਾ ਦੇ ਹੱਕ ‘ਚ ਇਕਜੁੱਟ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ |
ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸੰਬੋਧਨ ਕਰਦਿਆਂ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਇਨ੍ਹਾਂ ਵੀਰ ਸ਼ਹੀਦਾਂ ਨੇ ਧਰਮ, ਪੰਥ ਅਤੇ ਦੇਸ਼ ਦੀ ਰੱਖਿਆ ਲਈ ਅਦੁੱਤੀ ਕੁਰਬਾਨੀ ਦਿੱਤੀ | ਉਨ੍ਹਾਂ ਮਾਈ ਭਾਗੋ ਜੀ ਅਤੇ ਮਾਤਾ ਭਾਗ ਕੌਰ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ |
ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਵਲੋਂ ਗੁਰੂ ਸਾਹਿਬਾਨਾਂ ਬਾਰੇ ਕੀਤੀ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਭਗਵੰਤ ਮਾਨ ਤੋਂ ਸਪਸ਼ਟੀਕਰਨ ਅਤੇ ਮਾਫ਼ੀ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਜਾਣ ਲਈ ਲੋਕਾਂ ਨੂੰ ਇਕੱਠੇ ਹੋ ਕੇ ਭਾਜਪਾ ਨੂੰ ਮਜ਼ਬੂਤ ਕਰਨਾ ਹੋਵੇਗਾ |
ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਨੇ ਜ਼ੁਲਮ ਨੂੰ ਸਿੱਧੀ ਚੁਣੌਤੀ ਦਿੱਤੀ ਸੀ, ਪਰ ਅੱਜ ਪੰਜਾਬ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ‘ਚ ਰੋਜ਼ਾਨਾ ਕਤਲ, ਲੁੱਟਾਂ-ਖੋਹਾਂ ਅਤੇ ਅਪਰਾਧ ਵਧ ਰਹੇ ਹਨ, ਜਦਕਿ ਅਮਨ ਤੇ ਕਾਨੂੰਨ ਕਿਸੇ ਵੀ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ | ਲਾਲਪੁਰਾ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਲੈਂਡ ਮਾਫੀਆ ਅਤੇ ਰੇਤ ਮਾਫੀਆ ਬੇਲਗਾਮ ਹੋ ਚੁੱਕੇ ਹਨ | ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਰੋਕਣ ਅਤੇ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੇ ਦਾਅਵੇ ਜ਼ਮੀਨ ‘ਤੇ ਨਾਕਾਮ ਸਾਬਤ ਹੋਏ ਹਨ ਅਤੇ ਪੰਜਾਬ ‘ਤੇ ਕਰਜ਼ਾ ਵਧਦਾ ਜਾ ਰਿਹਾ ਹੈ | ਪੰਜਾਬ ਨੂੰ ਹੁਣ ਨਵੀਂ ਸੋਚ ਅਤੇ ਮਜ਼ਬੂਤ ਨੀਤੀ ਦੀ ਲੋੜ ਹੈ | ਸਿੱਖ ਸਮਾਜ ਲਈ ਕੇਂਦਰ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਹਵਾਲਾ ਦਿੰਦਿਆਂ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਚੱਲਦਿਆਂ ਪੰਜਾਬ ਨੂੰ ਦੇਸ਼ ਦੀ ਤਰੱਕੀ ਨਾਲ ਜੋੜਿਆ ਜਾਵੇ ਅਤੇ ਭਾਜਪਾ ਨੂੰ ਮੌਕਾ ਦਿੱਤਾ ਜਾਵੇ |
ਇਸ ਮੌਕੇ ਸਾਬਕਾ ਕੋਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ, ਦਿਆਲ ਸਿੰਘ ਸੋਢੀ, ਅਨੀਲ ਸਰਿਨ, ਰਾਕੇਸ਼ ਰਾਠੌੜ, ਪਰਮਿੰਦਰ ਸਿੰਘ ਬਰਾੜ (ਸਾਰੇ ਸੂਬਾ ਜਨਰਲ ਸਕੱਤਰ), ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੰਤਰੀ ਰਾਣਾ ਸੋਢੀ, ਸਾਬਕਾ ਮੰਤਰੀ ਤਿਕਸ਼ਣ ਸੂਦ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਰਬਦੀਪ ਸਿੰਘ ਵਿਰਕ, ਸਾਬਕਾ ਡੀਜੀਪੀ ਪੰਜਾਬ, ਐਸ.ਪੀ.ਐਸ. ਗਿੱਲ, ਸਾਬਕਾ ਡੀਜੀਪੀ, ਜੰਮੂ-ਕਸ਼ਮੀਰ; ਅਮਨਜੋਤ ਕੌਰ ਰਾਮੂਵਾਲੀਆ, ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਮੈਂਬਰ; ਸੂਬਾ ਸਕੱਤਰ ਸੂਰਜ ਭਾਰਦਵਾਜ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਸੂਬਾ ਤੇ ਕੌਮੀ ਪੱਧਰੀ ਆਗੂ ਹਾਜ਼ਰ ਸਨ |