ਪੰਜਾਬ

ਪੰਜਾਬ ਲੋਕ ਭਵਨ ਵਿਖੇ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ

ਪੰਜਾਬ ਲੋਕ ਭਵਨ ਵਿਖੇ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ
  • PublishedJanuary 13, 2026

ਰਾਜਪਾਲ ਪੰਜਾਬ, ਰਾਜਪਾਲ ਹਰਿਆਣਾ, ਮੁੱਖ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਹਰਿਆਣਾ ਨੇ ਜਸ਼ਨਾਂ ਵਿੱਚ ਕੀਤੀ ਸ਼ਿਰਕਤ

ਚੰਡੀਗੜ੍ਹ, 13 ਜਨਵਰੀ 2026 ( ਦੀ ਪੰਜਾਬ ਵਾਇਰ)– ਪੰਜਾਬ ਲੋਕ ਭਵਨ ਵਿੱਖੇ ਅੱਜ ਸ਼ਾਮ ਲੋਹੜੀ ਦਾ ਤਿਉਹਾਰ ਰਵਾਇਤੀ ਪੰਜਾਬੀ ਢੰਗ ਨਾਲ ਮਨਾਇਆ ਗਿਆ, ਜਿਸ ਦੌਰਾਨ ਲੋਹੜੀ ਦੇ ਸੱਭਿਆਚਾਰਕ ਮੁੱਲਾਂ ਨੂੰ ਦਰਸਾਇਆ ਗਿਆ।
ਇਸ ਸਮਾਗਮ ਦੀ ਮੇਜ਼ਬਾਨੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਕੀਤੀ ਗਈ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ, ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ, ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਸ਼੍ਰੀ ਸੰਜੀਵ ਅਰੋੜਾ, ਰਾਜ ਸਭਾ ਮੈਂਬਰ ਡਾ ਅਸ਼ੋਕ ਕੁਮਾਰ ਮਿੱਤਲ ਅਤੇ ਸ਼੍ਰੀ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਦੀ ਮੇਅਰ ਸ੍ਰੀਮਤੀ ਹਰਪ੍ਰੀਤ ਕੌਰ ਬਬਲਾ, ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਅਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ, ਰਾਜਪਾਲ ਨੇ ਤਿਉਹਾਰ ਦੇ ਸੱਭਿਆਚਾਰਕ ਅਤੇ ਸਮਾਜਿਕ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅਜਿਹੇ ਜਸ਼ਨ ਸਦਭਾਵਨਾ ਨੂੰ ਵਧਾਉਂਦੇ ਹਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਹਨ।

ਇਸ ਦੌਰਾਨ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ (ਰਾਏ ਅਬਦੁੱਲਾ ਖਾਨ ਭੱਟੀ) ਦੀ ਕਥਾ ਨੂੰ ਵੀ ਸ਼ਰਧਾ ਨਾਲ ਯਾਦ ਕੀਤਾ ਗਿਆ।

ਇਸ ਮੌਕੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ.) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਲੋਹੜੀ ਨਾਲ ਜੁੜੇ ਲੋਕ ਨਾਚ ਅਤੇ ਗੀਤ ਪੇਸ਼ ਕੀਤੇ ਗਏ। ਪੰਜਾਬ ਲੋਕ ਭਵਨ ਦੇ ਲਾਅਨ ਨੂੰ ਇੱਕ ਰਵਾਇਤੀ ਵਿਰਾਸਤੀ ਪਿੰਡ ਵਾਂਗ ਸਜਾਇਆ ਗਿਆ, ਜਿਸ ਨੇ ਤਿਉਹਾਰ ਦੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।

ਇਸ ਮੌਕੇ ਪਤਵੰਤਿਆਂ ਅਤੇ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਰਾਜਪਾਲ ਨੇ ਇਸ ਮੌਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

Written By
The Punjab Wire