Close

Recent Posts

ਪੰਜਾਬ

ਮਾਘੀ ਮੇਲਾ: ਪਸ਼ੂ ਪ੍ਰੇਮੀਆਂ ਦੇ ਭਾਰੀ ਇਕੱਠ ਨਾਲ ਗੂੰਜੇਗੀ ਸ੍ਰੀ ਮੁਕਤਸਰ ਸਾਹਿਬ ਦੀ ‘ਘੋੜਾ ਮੰਡੀ

ਮਾਘੀ ਮੇਲਾ: ਪਸ਼ੂ ਪ੍ਰੇਮੀਆਂ ਦੇ ਭਾਰੀ ਇਕੱਠ ਨਾਲ ਗੂੰਜੇਗੀ ਸ੍ਰੀ ਮੁਕਤਸਰ ਸਾਹਿਬ ਦੀ ‘ਘੋੜਾ ਮੰਡੀ
  • PublishedJanuary 11, 2026

ਪਸ਼ੂਧਨ ਦੀ ਦੇਖਭਾਲ ਲਈ ਸਮਰਪਿਤ ਵੈਟਰਨਰੀ ਡਿਸਪੈਂਸਰੀ ਸਥਾਪਤ, 40 ਮੈਂਬਰੀ ਵੈਟਰਨਰੀ ਟੀਮ ਦਾ ਗਠਨ: ਗੁਰਮੀਤ ਸਿੰਘ ਖੁੱਡੀਆਂ

ਮੇਲੇ ਦੌਰਾਨ ਵੈਟਰਨਰੀ ਟੀਮ 24 ਘੰਟੇ ਇਲਾਜ ਪ੍ਰਦਾਨ ਕਰੇਗੀ ਅਤੇ ਕਿਸੇ ਵੀ ਬਿਮਾਰੀ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਰੱਖੇਗੀ: ਖੁੱਡੀਆਂ

ਵੱਡੀ ਗਿਣਤੀ ਵਿੱਚ ਬਰੀਡਰਾਂ, ਵਪਾਰੀਆਂ ਅਤੇ ਪਸ਼ੂ ਪ੍ਰੇਮੀਆਂ ਦੇ ਆਉਣ ਦੀ ਉਮੀਦ: ਪਸ਼ੂ ਪਾਲਣ ਮੰਤਰੀ

ਚੰਡੀਗੜ੍ਹ, 11 ਜਨਵਰੀ 2025 ( ਦੀ ਪੰਜਾਬ ਵਾਇਰ)– ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੀਆਂ ਸੱਭਿਆਚਾਰਕ ਪਰੰਪਰਾਵਾਂ ਦੀ ਸੰਭਾਲ ਅਤੇ ਪਸ਼ੂਧਨ ਨਾਲ ਸਬੰਧਤ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਰਵਾਇਤੀ ਪਸ਼ੂ ਅਤੇ ਘੋੜਿਆਂ ਦੇ ਮੇਲੇ “ਘੋੜਾ ਮੰਡੀ” ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਜੀਵੰਤ ਸਮਾਗਮ ਪੰਜਾਬ ਦੇ ਅਮੀਰ ਪੇਂਡੂ ਵਿਰਸੇ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਘੋੜਿਆਂ ਅਤੇ ਹੋਰ ਪਸ਼ੂਆਂ ਦੀਆਂ ਉੱਚ-ਪੱਧਰੀ ਨਸਲਾਂ ਸ਼ਾਮਲ ਹੋਣਗੀਆਂ।

ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਢਾਬ ਵਿਖੇ ਸਥਿਤ ਉਦਯੋਗਿਕ ਫੋਕਲ ਪੁਆਇੰਟ ਵਿੱਚ 70 ਏਕੜ ਰਕਬੇ ਵਿੱਚ ਵਿਸ਼ਾਲ ਮੰਡੀ ਲਗਾਈ ਗਈ ਹੈ। ਇਸ ਮੇਲੇ ਵਿੱਚ ਪੂਰੇ ਖੇਤਰ ਤੋਂ ਵੱਡੀ ਗਿਣਤੀ ਵਿੱਚ ਬਰੀਡਰਾਂ, ਵਪਾਰੀਆਂ ਅਤੇ ਪਸ਼ੂ ਪ੍ਰੇਮੀਆਂ ਦੇ ਆਉਣ ਦੀ ਉਮੀਦ ਹੈ।ਘੋੜਾ ਮੰਡੀ ਦੌਰਾਨ ਘੋੜਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਜਾਵੇਗਾ, ਜੋ ਪੰਜਾਬ ਦੀ ਅਮੀਰ ਵਿਰਾਸਤ ਨਾਲ ਰੂਬਰੂ ਕਰਵਾਏਗਾ। ਇਸ ਮੇਲੇ ਵਿੱਚ ਮਾਰਵਾੜੀ ਅਤੇ ਨੁੱਕਰਾ ਸਮੇਤ ਹੋਰ ਉੱਤਮ ਨਸਲ ਦੇ ਘੋੜਿਆਂ ਤੋਂ ਇਲਾਵਾ ਹੋਰ ਦੁਰਲੱਭ ਕਿਸਮ ਦੇ ਪਸ਼ੂ ਤੇ ਜਾਨਵਰ ਆਉਣਗੇ। ਇਸ ਦੌਰਾਨ ਸੂਬੇ ਦੀ ਖੇਤੀਬਾੜੀ ਨਾਲ ਜੁੜੇ ਪਸ਼ੂਪਾਲਣ ਕਿੱਤੇ ਦੇ ਬਹਿਤਰੀਨ ਅਭਿਆਸਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।ਮੇਲੇ ਨੂੰ ਸਫਲ ਬਣਾਉਣ ਲਈ ਵਿਭਾਗ ਵੱਲੋਂ ਚੁੱਕੇ ਗਏ ਸਰਗਰਮ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਪਸ਼ੂਧਨ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ। ਸ. ਖੁੱਡੀਆਂ ਨੇ ਕਿਹਾ, “ਘੋੜਾ ਮੰਡੀ ਸਿਰਫ਼ ਇੱਕ ਮੰਡੀ ਨਹੀਂ ਹੈ। ਇਹ ਸਾਡੀ ਰੂਹ ਦਾ ਹਿੱਸਾ ਹੈ। ਮੰਡੀ ਵਿੱਚ ਆਉਣ ਵਾਲੇ ਹਰੇਕ ਪਸ਼ੂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਸੀਂ ਵਿਆਪਕ ਪ੍ਰਬੰਧ ਕੀਤੇ ਹਨ।” ਉਨ੍ਹਾਂ ਦੱਸਿਆ ਕਿ ਮੇਲੇ ਦੇ ਮੈਦਾਨ ਵਿੱਚ ਇੱਕ ਸਮਰਪਿਤ ਆਰਜ਼ੀ ਵੈਟਰਨਰੀ ਡਿਸਪੈਂਸਰੀ ਸਥਾਪਤ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਿੱਤ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ 40 ਮੈਂਬਰੀ ਟੀਮ ਦਾ ਗਠਨ ਕਰਕੇ ਮੇਲਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਪਸ਼ੂਆਂ ਲਈ 24 ਘੰਟੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰੇਗੀ ਅਤੇ ਜਾਨਵਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਕਰੇਗੀ।‘ਘੋੜਾ ਮੰਡੀ’ ਪ੍ਰਤੀ ਪਸ਼ੂ ਪ੍ਰੇਮੀਆਂ ਵਿੱਚ ਉਤਸ਼ਾਹ ਨੂੰ ਉਜਾਗਰ ਕਰਦਿਆਂ, ਸ. ਖੁੱਡੀਆਂ ਨੇ ਕਿਹਾ ਕਿ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਪਸ਼ੂ ਪਾਲਕ ਪਹਿਲਾਂ ਹੀ ਆਪਣੇ ਪਸ਼ੂਆਂ ਨੂੰ ਲੈ ਕੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ, “ਅਸੀਂ ਇਸ ਮੰਡੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂਆਂ ਦੀ ਆਮਦ ਦੀ ਉਮੀਦ ਕਰ ਰਹੇ ਹਾਂ, ਜੋ ਕਿ ਪੰਜਾਬ ਦੇ ਵਧਦੇ-ਫੁੱਲਦੇ ਪਸ਼ੂਧਨ ਖੇਤਰ ਦਾ ਪ੍ਰਤੱਖ ਪ੍ਰਮਾਣ ਹੈ।”ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਸਿਰਫ਼ ਸਿਹਤਮੰਦ ਜਾਨਵਰ ਹੀ ਲਿਆਉਣ। ਉਨ੍ਹਾਂ ਕਿਹਾ, “ਸਾਡੇ ਪਸ਼ੂਆਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜੇਕਰ ਕੋਈ ਪਸ਼ੂ ਪਾਲਕ ਆਪਣੇ ਪਸ਼ੂ ਵਿੱਚ ਬਿਮਾਰੀ ਦੇ ਲੱਛਣ ਵੇਖਦਾ ਹੈ, ਤਾਂ ਉਸ ਨੂੰ ਮੰਡੀ ਵਿੱਚ ਲਿਆਉਣ ਤੋਂ ਪਹਿਲਾਂ ਮਾਰਗਦਰਸ਼ਨ ਲਈ ਆਪਣੇ ਸਥਾਨਕ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।”ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਘੋੜਾ ਮੰਡੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ, ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕਾਂ ਨੂੰ ਇੱਕ ਮਨਮੋਹਕ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਨ ਦਾ ਇੱਕ ਵਿਲੱਖਣ ਮੌਕਾ ਹੋਵੇਗਾ।

Written By
The Punjab Wire