Close

Recent Posts

ਪੰਜਾਬ

ਅਮਨ ਅਰੋੜਾ ਵੱਲੋਂ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਦਾ ਅਹਿਦ; ਤਰਨ ਤਾਰਨ ਵਿੱਚ ਸਰਪੰਚ ਦੇ ਕਾਇਰਾਨਾ ਕਤਲ ਦੀ ਸਖ਼ਤ ਨਿੰਦਾ

ਅਮਨ ਅਰੋੜਾ ਵੱਲੋਂ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਦਾ ਅਹਿਦ; ਤਰਨ ਤਾਰਨ ਵਿੱਚ ਸਰਪੰਚ ਦੇ ਕਾਇਰਾਨਾ ਕਤਲ ਦੀ ਸਖ਼ਤ ਨਿੰਦਾ
  • PublishedJanuary 5, 2026

 ਪਰਿਵਾਰ ਨੂੰ ਮਿਲ ਕੇ ਦੁੱਖ ਵੰਡਾਇਆ ਅਤੇ ਪੰਜਾਬ ਸਰਕਾਰ ਵੱਲੋਂ ਪੂਰਨ ਸਮਰਥਨ ਦਾ ਭਰੋਸਾ

ਹਮਲਾਵਰਾਂ ਦੀ ਭਾਲ ਜਾਰੀ; ਸਰਪੰਚ ਦੇ ਕਤਲ ਵਿੱਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਚੰਡੀਗੜ੍ਹ/ਤਰਨ ਤਾਰਨ, 5 ਜਨਵਰੀ 2025 (ਦੀ ਪੰਜਾਬ ਵਾਇਰ)–  ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਦੀ ਘਿਨਾਉਣੀ ਵਾਰਦਾਤ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜ਼ਾਮ ਦਿੱਤਾ ਹੈ, ਭਾਵੇਂ ਉਹ ਗੁੰਡੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਉਨ੍ਹਾਂ ਦੀ ਪਿੱਠ ਪਿੱਛੇ ਖੜ੍ਹੇ ਉਨ੍ਹਾਂ ਦੇ ਆਕਾ ਹੋਣ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਸ੍ਰੀ ਅਮਨ ਅਰੋੜਾ ਨੇ ਸਰਪੰਚ ਜਰਮਲ ਸਿੰਘ, ਜਿਨ੍ਹਾਂ ਦਾ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਵੰਡਾਇਆ। ਇਸ ਮੌਕੇ ਅਫ਼ਸੋਸ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੇ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਉਨ੍ਹਾਂ ਨੇ ਅਹਿਦ ਲਿਆ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਰਮਲ ਸਿੰਘ ਇੱਕ ਨਿਰਸਵਾਰਥ, ਨੇਕ ਦਿਲ ਇਨਸਾਨ ਸਨ, ਜਿਨ੍ਹਾਂ ਨੇ ਕਦੇ ਵੀ ਕਿਸੇ ਲੋੜਵੰਦ ਭਾਵੇਂ ਉਹ ਉਨ੍ਹਾਂ ਦੇ ਪਿੰਡ ਦਾ ਹੋਵੇ ਜਾਂ ਇਲਾਕੇ ਦਾ, ਨੂੰ ਖ਼ਾਲੀ ਨਹੀਂ ਮੋੜਿਆ ਸੀ।

ਉਨ੍ਹਾਂ ਕਿਹਾ ਕਿ ਅਪਰਾਧੀਆਂ ਨੇ ਸਾਡੇ ਤੋਂ ਹੀਰਾ ਬੰਦਾ ਖੋਹ ਲਿਆ ਹੈ। ਜਰਮਲ ਸਿੰਘ ਵਰਗੇ ਲੋਕ ਅੱਜ-ਕੱਲ੍ਹ ਲੱਭੇ ਤੋਂ ਵੀ ਨਹੀਂ ਮਿਲਦੇ। ਸਾਫ਼-ਸੁਥਰੀ ਸ਼ਖ਼ਸੀਅਤ ਤੇ ਲੋਕਾਂ ਦੇ ਦਿਲ ਚ ਵਸਣ ਵਾਲਾ ਵਿਅਕਤੀ ਹੀ ਤਿੰਨ ਵਾਰ ਸਰਪੰਚ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨੇਕ ਰੂਹ ਦਾ ਚਲਿਆ ਜਾਣਾ ਸਮਾਜ ਲਈ ਵੱਡਾ ਘਾਟਾ ਹੈ।

ਇਸ ਘਟਨਾ ਪਿਛਲੇ ਅਪਰਾਧੀਆਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਕਾਨੂੰਨ-ਵਿਵਸਥਾ ਨੂੰ ਭੰਗ ਕਰਦਿਆਂ ਇਸ ਅਪਰਾਧ ਨੂੰ ਅੰਜ਼ਾਮ ਦਿੱਤਾ ਹੈ, ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਸਰਗਰਮੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਮੁਲਜ਼ਮ ਜਲਦ ਹੀ ਕਾਨੂੰਨ ਦੇ ਕਟਹਿਰੇ ਵਿੱਚ ਹੋਣਗੇ।

ਸੂਬੇ ਵਿੱਚ ਗੈਂਗਸਟਰਵਾਦ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ 10-15 ਸਾਲਾਂ ਦੌਰਾਨ ਤਤਕਾਲੀ ਸਰਕਾਰਾਂ ਦੇ ਕੁਸ਼ਾਸਨ ਅਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਨੇ ਇਹ ਹਾਲਾਤ ਪੈਦਾ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਵਾਦ ਨਾਂ ਦਾ ਇਹ ਕੋਹੜ ਪਿਛਲੇ ਦਹਾਕਿਆਂ ਦੌਰਾਨ ਪਾਲਿਆ ਅਤੇ ਫੈਲਾਇਆ ਗਿਆ। ਉਸ ਦੌਰ ਦੀ ਸਿਆਸੀ ਪੁਸ਼ਤਪਨਾਹੀ ਇਸ  ਖ਼ਤਰਨਾਕ ਵਰਤਾਰੇ ਨੂੰ ਐਨੇ ਵੱਡੇ ਪੱਧਰ ਤੇ ਵਧਣ ਦੇਣ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।

ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਸਾਡੀ ਸਰਕਾਰ ਜਾਂ ਪਾਰਟੀ ਵਿੱਚ ਕੋਈ ਵੀ ਵਿਅਕਤੀ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਅਪਰਾਧੀਆਂ ਦੀ ਸਰਪ੍ਰਸਤੀ ਨਹੀਂ ਕਰਦਾ। ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜਿਹੇ ਤੱਤਾਂ ਲਈ ਰਾਜਸੀ ਸੁਰੱਖਿਆ ਦੀ ਪ੍ਰਣਾਲੀ ਪੂਰੀ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਅਪਰਾਧ-ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸ੍ਰੀ ਅਰੋੜਾ ਨੇ ਕਿਹਾ ਕਿ ਇਸ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਮਾਨ ਸਰਕਾਰ ਗੈਂਗਸਟਰਵਾਦ ਅਤੇ ਗੁੰਡਾਗਰਦੀ ਦੀ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ ਅਤੇ ਇਸ ਮਿਸ਼ਨ ਵਿੱਚ ਪੂਰੀ ਤਰ੍ਹਾਂ ਰੁੱਝੀ ਹੋਈ ਹੈ। ਅਸੀਂ ਰਾਜ ਵਿੱਚ ਅਪਰਾਧੀਆਂ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕਰ ਰਹੇ ਹਾਂ, ਦੂਜੇ ਰਾਜਾਂ ਜਾਂ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠੇ ਅਪਰਾਧੀ, ਜਿਨਾਂ ਦੇ ਇਸ਼ਾਰੇ ਤੇ ਇੱਥੇ ਅਪਰਾਧਿਕ ਗਤੀਵਿਧੀਆਂ ਹੁੰਦੀਆਂ ਹਨ, ਵੀ ਵੱਡੀ ਚੁਣੌਤੀ ਹਨ।

ਉਨ੍ਹਾਂ  ਨੇ  ਵਿਦੇਸ਼ਾਂ ਵਿੱਚ ਸਰਗਰਮ ਅਜਿਹੇ ਭਗੌੜਿਆਂ ਦੀ ਹਵਾਲਗੀ ਵਿੱਚ ਕੇਂਦਰ ਸਰਕਾਰ ਨੂੰ ਹੋਰ ਸਹਿਯੋਗ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਗੁਜਰਾਤ ਦੀ ਜੇਲ੍ਹ ਵਿੱਚ ਬੈਠਾ ਬਿਸ਼ਨੋਈ ਵਰਗਾ ਗੈਂਗਸਟਰ, ਜਾਂ ਵਿਦੇਸ਼ਾਂ ਵਿੱਚ ਬੈਠੇ ਅਪਰਾਧੀ ਭਾਰਤ ਵਿੱਚ ਵਾਰਦਾਤਾਂ ਕਰਵਾਉਂਦੇ ਹਨ, ਤਾਂ ਕੇਂਦਰ ਸਰਕਾਰ ਦੀ ਭੂਮਿਕਾ ਸਭ ਤੋਂ ਅਹਿਮ ਹੋ ਜਾਂਦੀ ਹੈ। ਸਾਨੂੰ ਇਨ੍ਹਾਂ ਅਪਰਾਧੀਆਂ ਦੇ ਅੰਤਰਰਾਸ਼ਟਰੀ ਸਬੰਧਾਂ ਨੂੰ ਤੋੜਨ ਲਈ ਕੇਂਦਰ ਦੇ ਪੂਰੇ ਅਤੇ ਬੇਰੋਕ ਸਹਿਯੋਗ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸਰਪੰਚ ਤੇ ਹਮਲਾ ਨਹੀਂ ਹੈ ਸਗੋਂ ਸੂਬੇ ਦੀ ਅਮਨ ਸ਼ਾਂਤੀ ਤੇ ਹਮਲਾ ਹੈ। ਰਾਜ ਸਰਕਾਰ ਉਦੋਂ ਤੱਕ ਆਰਾਮ ਨਹੀਂ ਕਰੇਗੀ ਜਦੋਂ ਤੱਕ ਇਸ ਅਪਰਾਧ ਅਤੇ ਹਿੰਸਾ ਦੇ ਇਸ ਵਿਸ਼ਾਲ ਨੈੱਟਵਰਕ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਖੜ੍ਹਾ ਕਰਦੀ।

Written By
The Punjab Wire