ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੱਜ- ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਸਾਂਤਮਈ ਤੇ ਨਿਰਪੱਖ ਮਤਦਾਨ ਲਈ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਵੱਧ ਚੜਕੇ ਕਰਨ ਦਾ ਸੱਦਾ
ਪੋਲਿੰਗ ਪਾਰਟੀਆਂ ਰਵਾਨਾ – 1213 ਬੂਥਾਂ ਉੱਪਰ ਬੈਲਟ ਪੇਪਰ ਨਾਲ ਪੈਣਗੀਆਂ ਵੋਟਾਂ
ਗੁਰਦਾਸਪੁਰ , 13 ਦਸੰਬਰ 2025 (ਮੰਨਨ ਸੈਣੀ)– ਗੁਰਦਾਸਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਲਈ ਵੋਟਾਂ ਕੱਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਲਈ ਅੱਜ ਵੱਖ ਵੱਖ ਥਾਵਾਂ ਤੋਂ ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ ਹਨ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ- ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕਿਹਾ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਵਕ ਤੇ ਨਿਰਪੱਖ ਮਤਦਾਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਤੇ 140 ਬਲਾਕ ਸੰਮਤੀਆਂ ਦੇ ਉੁਮੀਦਵਾਰਾਂ ਲਈ ਵੋਟਾਂ ਪੈਣਗੀਆਂ। ਇਸ ਲਈ ਜ਼ਿਲ੍ਹੇ ਭਰ ਵਿੱਚ 1213 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਬੈਲਟ ਪੇਪਰ ਨਾਲ ਵੋਟਰ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਜਮਹੂਰੀ ਹੱਕ ਦੀ ਵੱਧ ਚੜਕੇ ਵਰਤੋਂ ਕਰਨ ।
ਦੱਸਣਯੋਗ ਹੈ 25 ਜ਼ੋਨਾਂ ਵਿਚੋਂ 7 ਉੁਮੀਦਵਾਰ ਅਤੇ 204 ਬਲਾਕ ਸੰਮਤੀਆਂ ਵਿੱਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਇਨ੍ਹਾਂ ਚੋਣਾਂ ਵਿਚ 994925 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚੋਂ 525948 ਮਰਦ, 468974 ਔਰਤਾਂ ਅਤੇ 3 ਥਰਡ ਜੈਂਡਰ ਵੋਟਰ ਸ਼ਾਮਲ ਹਨ। ਕਰੀਬ 7000 ਕਰਮਚਾਰੀ ਚੋਣ ਡਿਊਟੀ ਵਿੱਚ ਤਾਇਨਾਤ ਹਨ।
ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ ਆਦਿੱਤਿਯ ਅਤੇ ਐੱਸ. ਐੱਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇਸ ਤੋਂ ਇਲਾਵਾ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਲਈ ਵਾਧੂ ਨਫਰੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿੰਡਾਂ ਲਈ ਗਸ਼ਤ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।