ਲੁੱਟ ਹੋਣ ਦੀ ਮਨਘੜਤ ਕਹਾਣੀ ਬਣਾਉਣ ਵਾਲਾ ਖੁੱਦ ਹੀ ਪੁਲਿਸ ਦੇ ਅੜਿੱਕੇ ਚੜਿਆ
ਮੁਲਜ਼ਮ ਦੇ ਘਰੋਂ 1 ਲੱਖ 70 ਹਜ਼ਾਰ ਰੁਪਏ ਬਰਾਮਦ
ਗੁਰਦਾਸਪੁਰ, 13 ਦਸੰਬਰ 2025 (ਮੰਨਨ ਸੈਣੀ)– ਲੁੱਟ ਹੋਣ ਦੀ ਮਨਘੜਤ ਕਹਾਣੀ ਬਣਾਉਣ ਵਾਲਾ ਖੁੱਦ ਹੀ ਪੁਲਸ ਦੇ ਅੜਿਕੇ ਆ ਗਿਆ। ਪੁਲਸ ਨੇ ਉਸ ਦੇ ਘਰੋਂ ਨਕਦੀ ਵੀ ਬਰਾਮਦ ਕਰ ਲਈ ਹੈ।
ਐਸਐਸਪੀ ਗੁਰਦਾਸਪੁਰ ਆਦਿੱਤਯ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਦਸੰਬਰ ਨੂੰ ਅਮਿਤ ਪੁੱਤਰ ਕੇਵਲ ਕ੍ਰਿਸਨ ਵਾਸੀ ਮੁੱਹਲਾ ਨੰਗਲ ਕੋਟਲੀ ਥਾਣਾ ਸਿਟੀ ਗੁਰਦਾਸਪੁਰ ਨੇ ਥਾਣਾ ਪੁਰਾਣਾ ਸ਼ਾਲਾ ਪੁਲਸ ਨੂੰ ਇਤਲਾਹ ਦਿੱਤੀ ਕਿ ਉਹ ਬਿਹਾਰੀ ਲਾਲ ਐਂਡ ਸੰਨਜ਼ ਕੰਪਨੀ, ਗੁਰਦਾਸਪੁਰ ਵਿੱਚ ਬਤੌਰ ਸੈਲਜ਼ ਮੈਨ ਲੱਗਿਆ ਹੋਇਆ ਹੈ, 12 ਦਸੰਬਰ ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਮਾਲਕ ਦੇ ਕਹਿਣ ਤੇ ਮੁਕੇਰੀਆ ਲਾਗੇ ਬੱਸ ਸਟੈਂਡ ਤੋਂ 1 ਲੱਖ 70 ਹਜਾਰ ਰੁਪਏ ਲਿਆਉਣ ਲਈ ਗਿਆ ਸੀ, ਜਦੋ ਉਹ ਮੁਕੇਰੀਆ ਦੇ ਸੈਲਜ਼ ਮੈਨ ਤੋਂ ਪੈਸੇ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਵਕਤ ਕਰੀਬ 11.25 ਜਦੋ ਉਹ ਜੀ.ਟੀ.ਰੋਡ ਸੇਮ ਨਹਿਰ ਪੁੱਲ ਘੱਲੂਘਾਰਾ ਲਾਗੇ ਪੁੱਜਾ ਤਾਂ ਇੱਕ ਬਿੰਨ੍ਹਾ ਨੰਬਰੀ ਆਲਟੋ ਕਾਰ ਰੰਗ ਕਾਲਾ ਉਸਦੇ ਅੱਗੇ ਆ ਕੇ ਰੁੱਕੀ, ਜਿਸ ਵਿੱਚ 2 ਨੌਜਵਾਨ ਉਤਰੇ ਅਤੇ ਉਹ ਰੋਕ ਕੇ ਉਸਦੀ ਮਾਰ ਕੁਟਾਈ ਕਰਨ ਲੱਗ ਪਏ। ਇੱਕ ਨੌਜਵਾਨ ਨੇ ਉਸਨੂੰ ਪਿੱਛੋ ਦੀ ਜੱਫਾ ਪਾ ਲਿਆ ਤੇ ਦੂਸਰੇ ਨੌਜਵਾਨ ਨੇ ਉਸਦੀ ਪੈਂਟ ਦੀਆਂ ਜੇਬਾ ਵਿੱਚ ਪਏ 1 ਲੱਖ 70 ਹਜਾਰ ਰੁਪਏ, ਮੋਬਾਇਲ ਫੋਨ ਮਾਰਕਾ ਅਤੇ ਉਸਦੇ ਪਰਸ ਵਿੱਚੋ ਕਰੀਬ 4 ਹਜਾਰ ਰੁਪਏ ਕੱਢ ਲਏ ਤੇ ਉਸਨੂੰ ਧੱਕਾ ਦੇ ਕੇ ਥੱਲੇ ਸੁੱਟ ਕੇ ਉਕਤ ਨੌਜਵਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ, ਗੁਰਦਾਸਪੁਰ ਸਾਈਡ ਨੂੰ ਚੱਲੇ ਗਏ।
ਇਸ ਸਬੰਧੀ ਇਤਲਾਹ ਮਿਲਣ ਤੇ 12 ਦਸੰਬਰ ਨੂੰ ਜੁਰਮ 304, 3(5) BNS ਥਾਣਾ ਪੁਰਾਣਾ ਸ਼ਾਲਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਅਤੇ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਮੁਕੱਦਮਾ ਦੀ ਤਫਤੀਸ਼ ਤੁਰੰਤ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਸ਼ੱਕ ਹੋਣ ਤੇ ਜੱਦੋ ਮੁਦੱਈ ਮੁਕੱਦਮਾ ਅਮਿਤ ਪੁੱਤਰ ਕੇਵਲ ਕ੍ਰਿਸਨ ਵਾਸੀ ਮੁੱਹਲਾ ਨੰਗਲ ਕੋਟਲੀ, ਗੁਰਦਾਸਪੁਰ ਦੀ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸਨੇ ਪੈਸਿਆ ਦੇ ਲਾਲਚ ਵਿੱਚ ਆ ਕੇ ਉਸਦੇ ਨਾਲ ਲੁੱਟ ਹੋਣ ਦੀ ਮਨਘੜਤ ਕਹਾਣੀ ਬਣਾਈ ਸੀ ਅਤੇ ਪੁਲਸ ਨੂੰ ਝੂਠੀ ਇਤਲਾਹ ਦਿੱਤੀ ਗਈ ਸੀ । ਜੋ ਇਹ 1 ਲੱਖ 70 ਹਜ਼ਾਰ ਰੁਪਏ ਮੁਦੱਈ ਦੇ ਘਰ ਤੋਂ ਬ੍ਰਾਮਦ ਕਰ ਲਏ ਗਏ ਹਨ। ਮੁਦੱਈ ਮੁਕੱਦਮਾ ਦੇ ਖਿਲਾਫ ਜੁਰਮ 316(2) ਬੀਐਨ ਐਸ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।