ਆਪ ਸਰਕਾਰ ਵੱਲੋਂ ਐਸ ਐਸ ਪੀ ਵਰੁਣ ਸ਼ਰਮਾ ਨੂੰ ਛੁੱਟੀ ਭੇਜਣ ਦੇ ਫੈਸਲੇ ਨੇ ਸਾਬਤ ਕੀਤਾ ਕਿ ਐਸ ਐਸ ਪੀ ਦੀ ਕਾਨਫਰੰਸ ਕਾਲ ਵੀਡੀਓ ਅਸਲੀ ਸੀ: ਸੁਖਬੀਰ ਸਿੰਘ ਬਾਦਲ
ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਕਰਮ ਮਜੀਠੀਆ ਦੀ ਲੜਾਈ ਲੜਨ ਅਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ’ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ
ਕਿਹਾ ਕਿ ਨਾ ਤਾਂ 60 ਸਾਲਾਂ ਵਿਚ ਕਿਸੇ ਕਾਂਗਰਸੀ ਮੁੱਖ ਮੰਤਰੀ ਤੇ ਨਾ ਹੀ ਭਗਵੰਤ ਮਾਨ ਨੇ ਪੰਜਾਬ ਲਈ ਕੁਝ ਕੀਤਾ
ਮਜੀਠਾ, 10 ਦਸੰਬਰ 2025 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜਣ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਸਤੇ ਰਿਟਰਨਿੰਗ ਅਫਸਰਾਂ ਦੇ ਦਫਤਰ ਪਹੁੰਚਣ ਤੋਂ ਰੋਕਣ ਵਾਸਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕੀਤੀ ਹਦਾਇਤ ਦੀ ਵਾਇਰਲ ਕਾਨਫਰੰਸ ਕਾਲ ਅਸਲੀ ਸੀ।

ਇਥੇ ਪਾਰਟੀ ਦੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਦੇ ਨਾਲ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ ਅਤੇ ਕਿਹਾ ਕਿ ਇਕ ਨਿਰਪੱਖ ਤੇ ਆਜ਼ਾਦ ਚੋਣ ਹੀ ਐਸ ਐਸ ਪੀ ਨੂੰ ਦੋਸ਼ੀ ਠਹਿਰਾ ਸਕਦੀ ਹੈ ਤੇ ਸਾਬਤ ਕਰ ਸਕਦੀ ਹੈ ਕਿ ਵਰੁਣ ਸ਼ਰਮਾ ਨੇ ਕਾਨੂੰਨ ਆਪਣੇ ਹੱਥਾਂ ਵਿਚ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਵੱਲੋਂ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਹੈ ਅਤੇ ਯਕੀਨੀ ਬਣਾਇਆ ਹੈ ਕਿ ਐਸ ਐਸ ਪੀ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ ਤੇ ਉਸਦੇ ਗੈਰ ਸੰਵਿਧਾਨਕ ਕੰਮਾਂ ਵਾਸਤੇ ਉਸਨੂੰ ਜੇਲ੍ਹ ਹੋਵੇ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੇਲੇ ਸਰਦਾਰ ਬਿਕਰਮ ਸਿੰਘ ਮਜੀਠੀਆ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਉਸ ਵੇਲੇ ਮਜੀਠੀਆ ਪਰਿਵਾਰ ਦੀ ਹਮਾਇਤ ਕੀਤੀ ਜਾਵੇ ਅਤੇ ਕਿਹਾ ਕਿ ਬਿਕਰਮ ਤੁਹਾਡੇ ਵਾਸਤੇ ਲੜਦਾ ਸੀ। ਉਸਨੇ ਯਕੀਨੀ ਬਣਾਇਆ ਕਿ ਹਲਕੇ ਵਿਚ ਲਾਮਿਸਾਲ ਵਿਕਾਸ ਹੋਵੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਸਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੁੱਕਦਾ ਸੀ। ਉਹਨਾਂ ਕਿਹਾ ਕਿ ਜਿਵੇਂ ਬਾਦਲ ਪਰਿਵਾਰ ਖਿਲਾਫ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਬਾਦਲ ਪਰਿਵਾਰ ਬਰੀ ਹੋਇਆ, ਇਸੇ ਤਰੀਕੇ ਸਰਦਾਰ ਮਜੀਠੀਆ ਵੀ ਬਰੀ ਹੋਣਗੇ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ 4 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੇ ਨਾਲ-ਨਾਲ ਬਲਾਕ ਸੰਮਤੀ ਦੀਆਂ ਬਹੁ ਗਿਣਤੀ ਸੀਟਾਂ ’ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ। ਉਹਨਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਤਲਬੀਰ ਸਿੰਘ ਗਿੱਲ ਜਿਸਨੇ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਨੂੰ ਦੁਬਾਰਾ ਕਦੇ ਵੀ ਅਕਾਲੀ ਦਲ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਹਨਾਂਕਿਹਾ ਕਿ ਅਜਿਹੇ ਲੋਕਾਂ ਨੇ ਅਕਾਲੀ ਦਲ ਨੂੰ ਬਦਨਾਮ ਕੀਤਾ ਅਤੇ ਲੋਕਾਂ ਦੀ ਕੀਮਤ ’ਤੇ ਆਪਣੇ ਘਰ ਭਰੇ। ਉਹਨਾਂ ਨੇ ਮਜੀਠਾ ਦੇ ਡੀ ਐਸ ਪੀ ਧਰਮਿੰਦਰ ਕਲਿਆਣ ਸਮੇਤ ਪੁਲਿਸ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿਚ ਪੱਖਪਾਤੀ ਰਵੱਈਆ ਨਾ ਅਪਣਾਉਣ ਅਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਨੇ ਅਜਿਹਾ ਕੀਤਾ ਤਾਂ ਫਿਰ ਉਹ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਲਈ ਤਿਆਰ ਰਹਿਣ।
ਸਰਦਾਰ ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਪਿਛਲੇ 60 ਸਾਲਾਂ ਦੌਰਾਨ ਕਾਂਗਰਸ ਦੇ ਚਾਰ ਮੁੱਖ ਮੰਤਰੀ ਰਹੇ ਜਿਹਨਾਂ ਵਿਚ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ। ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਉਹ ਇਕ ਵੀ ਅਜਿਹਾ ਕੰਮ ਗਿਣਾਉਣ ਜਿਹੜਾ ਉਹਨਾਂ ਨੇ ਕਿਸਾਨਾਂ ਜਾਂ ਗਰੀਬਾਂ ਵਾਸਤੇ ਕੀਤਾ ਹੋਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਹਾਲ ਭਗਵੰਤ ਮਾਨ ਦਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ 22 ਸਾਲਾਂ ਦੇ ਕਾਰਜਕਾਲ ਦੌਰਾਨ ਥਰਮਲ ਪਲਾਂਟ ਲਗਾਏ, ਯੂਨੀਵਰਸਿਟੀਆਂ, ਕੈਂਸਰ ਇੰਸਟੀਚਿਊਟ ਤੇ ਵਿਸ਼ਵ ਪੱਧਰੀ ਯਾਦਗਾਰਾਂ ਬਣਾਈਆਂ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਪ੍ਰਦਾਨ ਕੀਤੀ ਤੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਚਲਾਈਆਂ।
ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਜਦੋਂ ਸਾਰਾ ਕੁਝ ਤਾਂ ਅਕਾਲੀ ਦਲ ਨੇ ਪ੍ਰਦਾਨ ਕੀਤਾ ਹੈ ਤਾਂ ਫਿਰ ਤੁਸੀਂ ਤਜ਼ਰਬੇ ਕਿਉਂ ਕਰ ਰਹੇ ਹੋ। ਤੁਸੀਂ ਅਕਾਲੀ ਦਲ ’ਤੇ ਵਿਸ਼ਵਾਸ ਕਰ ਕੇ ਪੰਜਾਬ ਨੂੰ ਬਚਾਉਣ ਦਾ ਸਾਨੂੰ ਮੌਕਾ ਦਿਓ।