Close

Recent Posts

ਗੁਰਦਾਸਪੁਰ ਪੰਜਾਬ

ਦੀਨਾਨਗਰ ’ਚ ‘ਆਪ’ ਨੂੰ ਇੱਕ ਹੋਰ ਝੱਟਕਾ, ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਵਿੱਚ ਹੋਇਆ ਸ਼ਾਮਲ

ਦੀਨਾਨਗਰ ’ਚ ‘ਆਪ’ ਨੂੰ ਇੱਕ ਹੋਰ ਝੱਟਕਾ, ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਵਿੱਚ ਹੋਇਆ ਸ਼ਾਮਲ
  • PublishedDecember 9, 2025

ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਾਂਗਰਸ ਪਾਰਟੀ ’ਚ ਕੀਤਾ ਸਵਾਗਤ

ਦੀਨਾਨਗਰ, 9 ਦਸੰਬਰ 2025 (ਮਨਨ ਸੈਣੀ )। ਦੀਨਾਨਗਰ ਅੰਦਰ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ‘ਆਪ’ ਪਾਰਟੀ ਨੂੰ ਸਪੋਰਟ ਕਰਨ ਵਾਲੇ ਟਰੱਕ ਯੂਨੀਅਨ ਦੀਨਾਨਗਰ ਦੇ ਸਾਬਕਾ ਪ੍ਰਧਾਨ ਹਰਚਰਨ ਸਿੰਘ ਵਾਲੀਆ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੇ ਨਾਲ ਪਿੰਡ ਝੰਡੇਚੱਕ ਦੇ ਮੌਜੂਦਾ ਪੰਚਾਇਤ ਮੈਂਬਰ ਸਰਵਨ ਸਿੰਘ, ਜਰਨੈਲ ਸਿੰਘ ਨਾਨਕ ਨਗਰ, ਮਨਜਿੰਦਰ ਸਿੰਘ ਸਾਹੋਵਾਲ, ਦਲਜੀਤ ਸਿੰਘ ਜੰਜੂਆ ਅਤੇ ਜਸਵਿੰਦਰ ਸੋਨੂੰ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ।

ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਉਨ੍ਹਾਂ ਦਾ ਸਾਥੀਆਂ ਸਮੇਤ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ।
ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਕਿਹਾ ਕਿ ‘ਆਪ’ ਪਾਰਟੀ ਦੇ ਝੂਠ ਦਾ ਪਰਦਾ ਡਿੱਗਦਿਆਂ ਹੀ ਇਸ ਪਾਰਟੀ ਪ੍ਰਤੀ ਲੋਕਾਂ ਦਾ ਭੁਲੇਖਾ ਵੀ ਦੂਰ ਹੋ ਗਿਆ ਹੈ ਅਤੇ ਹੁਣ ਤਮਾਮ ਲੋਕ ਕਾਂਗਰਸ ਪਾਰਟੀ ਵੱਲ ਵਾਪਸ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਨੇਕਾਂ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਚੋਣਾਵੀਂ ਵਾਅਦੇ ਪੂਰੇ ਕਰ ਸਕੀ ਹੈ ਅਤੇ ਨਾ ਹੀ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਰੱਖ ਸਕੀ ਹੈ। ਜਿਸ ਕਾਰਨ ਹਰੇਕ ਵਰਗ ਇਸ ਸਰਕਾਰ ਤੋਂ ਤੰਗ ਆ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਲੰਘੇ ਚਾਰ ਸਾਲਾਂ ਦੌਰਾਨ ‘ਆਪ’ ਦੇ ਹਲਕਾ ਇੰਚਾਰਜ ਦੀ ਸ਼ਹਿ ’ਤੇ ਟਰੱਕ ਯੂਨੀਅਨ ’ਚ ਜੋ ਖ਼ਰਾਬੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਸਮਾਂ ਆਉਣ ’ਤੇ ਹਿਸਾਬ ਲਿਆ ਜਾਵੇਗਾ ਅਤੇ ਹਲਕੇ ਦੀ ਜਨਤਾ ਅਜਿਹੇ ਆਗੂਆਂ ਨੂੰ ਕਰਾਰਾ ਜਵਾਬ ਦੇਵੇਗੀ।

ਇਸ ਦੌਰਾਨ ਹਰਚਰਨ ਸਿੰਘ ਵਾਲੀਆ ਅਤੇ ਪੰਚ ਸਰਵਨ ਸਿੰਘ ਨੇ ‘ਆਪ’ ਪਾਰਟੀ ਦੀਆਂ ਨੀਤੀਆਂ ਨੂੰ ਵਰਕਰ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਇਸ ਪਾਰਟੀ ਦੀ ਮਦਦ ਕਰਨਾ ਉਨ੍ਹਾਂ ਦਾ ਗਲਤ ਫ਼ੈਸਲਾ ਸੀ, ਜਿਸਦੀ ਭਰਪਾਈ ਹੁਣ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਕਰਨਗੇ। ਇਸ ਮੌਕੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਾਬਕਾ ਉਪ ਚੇਅਰਪਰਸਨ ਰਾਜ ਰਾਣੀ, ਵਰਿੰਦਰ ਸਿੰਘ ਨੌਸ਼ਹਿਰਾ, ਮੌਂਟੀ ਘੁੰਮਣ ਉਦੀਪੁਰ, ਹਰਪਾਲ ਸਿੰਘ, ਸੰਨੀ ਪੰਡੋਰੀ, ਹੀਰਾ ਪੱਖੋਵਾਲ, ਗੁਰਦਰਸ਼ਨ ਸਿੰਘ ਰੰਧਾਵਾ ਅਤੇ ਦਲਬੀਰ ਸਿੰਘ ਪੱਖੋਵਾਲ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Written By
The Punjab Wire