ਹੁਣ ਤਾਂ 70 ਸਾਲ ਰਾਜ ਕਰਨ ਵਾਲੇ ਪਾਰਟੀਆਂ ਦੇ ਸੀਨੀਅਰ ਆਗੂ ਇੱਕ ਦੂਸਰੇ ਤੇ ਲਗਾ ਰਹੇ ਗੰਭੀਰ ਦੋਸ਼- ਸੁਨੀਲ ਜਾਖੜ
ਜਾਖੜ ਨੇ ਮੁੱਖ ਮੰਤਰੀ ਨੂੰ ਲਿੱਖੀ ਚਿੱਠੀ ਲਿਖ ਖੁਦ ਨੂੰ ਸਭ ਤੋਂ ਪਹਿਲਾਂ ਜਾਂਚ ਲਈ ਪੇਸ਼ ਕੀਤਾ
ਚੰਡੀਗੜ੍ਹ, 9 ਦਿਸੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦਬਾਅ ਵਧਾਉਂਦੇ ਹੋਏ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। 6 ਜੂਨ 2025 ਨੂੰ ਡਰੱਗ ਮਨੀ ਟ੍ਰੇਲ ਦੀ ਜਾਂਚ ਲਈ ਲਿਖੇ ਆਪਣੇ ਪੁਰਾਣੇ ਪੱਤਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ, ਜਾਖੜ ਨੇ ਹਾਈਕੋਰਟ ਦੇ ਮਾਨਯੋਗ ਚੀਫ ਜਸਟਿਸ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਦੀ ਮੰਗ ਨੂੰ ਦੁਹਰਾਇਆ ਹੈ।
🚨 ਭ੍ਰਿਸ਼ਟਾਚਾਰ ‘ਤੇ ਤਿੱਖਾ ਹਮਲਾ: ‘ਮੇਰੇ ਸਮੇਤ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਹੋਵੇ ਜਾਂਚ’
ਸੁਨੀਲ ਜਾਖੜ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ ਕਿ ਭ੍ਰਿਸ਼ਟਾਚਾਰ ਸਮਾਜ ਦਾ ‘ਨਸੂਰ’ ਬਣ ਚੁੱਕਾ ਹੈ। ਉਨ੍ਹਾਂ ਨੇ 70 ਸਾਲ ਰਾਜ ਕਰਨ ਵਾਲੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਖੁਦ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾਉਣ ਦਾ ਹਵਾਲਾ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ:
“ਭਗਵੰਤ ਮਾਨ ਜੀ ਤੁਸੀਂ ਇਸ ਭ੍ਰਿਸ਼ਟਾਚਾਰ ਨੂੰ ਕੈਂਸਰ ਆਖਿਆ ਸੀ। ਤੁਸੀਂ ਇਹ ਵੀ ਆਖਦੇ ਹੋ ਕੇ ਮੇਰੇ ਕੋਲ ਫਾਇਲਾਂ ਹਨ ਤਾਂ ਫਿਰ ਫਾਇਲਾਂ ਖੋਲਦੇ ਕਿਉਂ ਨਹੀਂ ਹੋ।”
ਭਾਜਪਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਦੂਜਿਆਂ ‘ਤੇ ਦੋਸ਼ ਨਹੀਂ ਲਗਾ ਰਹੇ, ਸਗੋਂ ਸੱਚ ਨੂੰ ਸਾਹਮਣੇ ਲਿਆਉਣ ਲਈ ਤਿਆਰ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ:
“ਮੈਂ ਤਾਂ ਪਹਿਲਾਂ ਵੀ ਤੁਹਾਨੂੰ ਪੱਤਰ ਲਿਖਿਆ ਸੀ ਤੇ ਹੁਣ ਫਿਰ ਮੰਗ ਕਰਦਾ ਹਾਂ ਕਿ ਹਾਈਕੋਰਟ ਦੇ ਮਾਨਯੋਜ ਚੀਫ ਜਸਟਿਸ ਦੀ ਨਿਗਰਾਨੀ ਵਿਚ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰਾਂ (ਸਮੇਤ ਮੇਰੇ) ਦੀ ਸਮਾਂਬੱਧ ਜਾਂਚ ਕਰਵਾਓ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵੱਖ ਵੱਖ ਭ੍ਰਿਸ਼ਟਾਚਾਰਾਂ ਦਾ ਪੈਸਾ ਕਿਸ ਕੋਲ ਪਹੁੰਚਿਆਂ ਇਸਦਾ ਪਤਾ ਲੱਗ ਸਕੇ।”

