Close

Recent Posts

ਪੰਜਾਬ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
  • PublishedNovember 11, 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ

ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ

ਚੰਡੀਗੜ੍ਹ, 11 ਨਵੰਬਰ 2025 ( ਦੀ ਪੰਜਾਬ ਵਾਇਰ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ।

ਇਨ੍ਹਾਂ ਸਮਾਗਮਾਂ ਵਿੱਚ ਸੂਬੇ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੇ ਵੱਡੀ ਗਿਣਤੀ ਸੰਗਤ ਸਮੇਤ ਹਾਜ਼ਰੀ ਭਰੀ। ਇੱਕ ਬੁਲਾਰੇ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਸ ਮੇਲਾ ਗਰਾਊਂਡ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਵਿਚ ਵੱਡੀ ਗਿਣਤੀ ਸੰਗਤ ਸਮੇਤ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ,ਵਿਧਾਇਕ ਕੁਲਵੰਤ ਸਿੰਘ (ਮੋਹਾਲੀ) ਅਤੇ ਕੁਲਜੀਤ ਸਿੰਘ ਰੰਧਾਵਾ (ਡੇਰਾਬੱਸੀ), ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਓ.ਐਸ.ਡੀ. ਮੀਡੀਆ/ਮੁੱਖ ਮੰਤਰੀ ਪੰਜਾਬ, ਅਮਨਜੋਤ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਨੇ ਸ਼ਮੂਲੀਅਤ ਕੀਤੀ।ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮੇਲਾ ਗਰਾਊਂਡ ਰਣਜੀਤ ਐਵੇਨਿਉ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਹਾਜ਼ਰੀ ਭਰੀ ਗਈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਕੈਨਟੋਨਮੈਂਟ ਸਟੇਡੀਅਮ ਵਿਖੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਸੰਗਤ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਅਤੇ ਮਹਾਨ ਫਲਸਫੇ ‘ਤੇ ਚਾਨਣਾ ਪਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਵੇਖਿਆ। ਸੰਗਰੂਰ ਦੇ ਰਣਬੀਰ ਕਾਲਜ ਵਿਖੇ ਕਰਵਾਏ ਲਾਈਟ ਐਂਡ ਸਾਊਂਡ ਸ਼ੋਅ ਵਿਚ ਜ਼ਿਲ੍ਹਾ ਅਧਿਕਾਰੀਆਂ ਅਤੇ ਸੰਗਤ ਸਮੇਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਲਾਈਟ ਐਡ ਸਾਊਂਡ ਸ਼ੋਅਜ਼ ਵਿੱਚ ਹਾਜ਼ਰੀ ਭਰਨ ਵਾਲੀ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਕੀਤੀ ਹੈ। ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਆਧੁਨਿਕ ਲੇਜ਼ਰ ਲਾਈਟਾਂ ਅਤੇ 3ਡੀ ਪ੍ਰੋਜੈਕਸ਼ਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ਕਾਲ, ਫਲਸਫ਼ੇ, ਸਿੱਖਿਆਵਾਂ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਉੱਤੇ ਚਾਨਣਾ ਪਾਇਆ ਗਿਆ। ਜ਼ਿਕਰਯੋਗ ਹੈ ਕਿ 14, 17 ਅਤੇ 20 ਨਵੰਬਰ ਨੂੰ ਬਾਕੀ ਜ਼ਿਲ੍ਹਿਆਂ ਵਿੱਚ ਵੀ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ।—–

Written By
The Punjab Wire