Close

Recent Posts

ਪੰਜਾਬ

ਆਸ਼ਰਿਤ ਬੱਚਿਆਂ ਦੀ ਸਕੀਮ ਹੇਠ 2.32 ਲੱਖ ਬੱਚਿਆਂ ਨੂੰ ਮਿਲ ਰਿਹਾ ਨਿਯਮਿਤ ਲਾਭ

ਆਸ਼ਰਿਤ ਬੱਚਿਆਂ ਦੀ ਸਕੀਮ ਹੇਠ 2.32 ਲੱਖ ਬੱਚਿਆਂ ਨੂੰ ਮਿਲ ਰਿਹਾ ਨਿਯਮਿਤ ਲਾਭ
  • PublishedNovember 3, 2025

ਮਾਨ ਸਰਕਾਰ ਅਨਾਥ ਤੇ ਆਸ਼ਰਿਤ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਭਲਾਈ ਲਈ ਵਚਨਬੱਧ

ਚੰਡੀਗੜ੍ਹ, 3 ਨਵੰਬਰ 2025 (ਦੀ ਪੰਜਾਬ ਵਾਇਰ)– ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨਾਥ ਅਤੇ ਆਸ਼ਰਿਤ ਬੱਚਿਆਂ ਦੇ ਭਵਿੱਖ ਨੂੰ ਸੁਨਿਸ਼ਚਿਤ ਕਰਨ ਲਈ ਲਗਾਤਾਰ ਵਿੱਤੀ ਤੇ ਸਮਾਜਿਕ ਸਹਾਇਤਾ ਯੋਜਨਾਵਾਂ ਰਾਹੀਂ ਕੰਮ ਕਰ ਰਹੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਭਰ ਦੇ ਆਸ਼ਰਿਤ ਬੱਚਿਆਂ ਨੂੰ ਹੁਣ ਤੱਕ ਕੁੱਲ 242.77 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਇਹ ਸਹਾਇਤਾ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਮਾਤਾ-ਪਿਤਾ ਵਿਚੋਂ ਕੋਈ ਇੱਕ ਜਾਂ ਦੋਵੇਂ ਦਾ ਦੇਹਾਂਤ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਬਹੁਤ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ 2025–26 ਲਈ ਇਸ ਸਕੀਮ ਹੇਠ 410 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਇਸ ਸਮੇਂ ਰਾਜ ਦੇ 2,32,290 ਬੱਚਿਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ, ਚੰਗੀ ਪਰਵਰਿਸ਼ ਹਾਸਲ ਕਰ ਰਹੇ ਹਨ ਅਤੇ ਜੀਵਨ ਦੇ ਮਿਆਰ ਵਿੱਚ ਸੁਧਾਰ ਆ ਰਿਹਾ ਹੈ।

ਡਾ. ਬਲਜੀਤ ਕੌਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਪੰਜਾਬ ਦਾ ਕੋਈ ਵੀ ਬੱਚਾ ਮੁੱਢਲੀਆਂ ਜ਼ਰੂਰਤਾਂ, ਦੇਖਭਾਲ ਅਤੇ ਵਿਕਾਸ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ। ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਲਗਾਤਾਰ ਸਹਾਇਤਾ ਸਮਾਜ ਦੇ ਸਭ ਤੋਂ ਨਾਜ਼ੁਕ ਵਰਗਾਂ ਪ੍ਰਤੀ ਉਸਦੀ ਸੰਵੇਦਨਸ਼ੀਲਤਾ ਤੇ ਮਨੁੱਖਤਾ ਦਾ ਪ੍ਰਤੀਕ ਹੈ।

ਮੰਤਰੀ ਨੇ ਹੋਰ ਦੱਸਿਆ ਕਿ ਵਿਭਾਗ ਆਸ਼ਰਿਤ ਬੱਚਿਆਂ ਲਈ ਇਕੱਠੇ ਵਿਕਾਸ ਪ੍ਰੋਗਰਾਮਾਂ ’ਤੇ ਵੀ ਕੰਮ ਕਰ ਰਿਹਾ ਹੈ, ਜਿਵੇਂ ਕਿ ਸਕਿਲ ਡਿਵੈਲਪਮੈਂਟ, ਕਾਊਂਸਲਿੰਗ ਤੇ ਸਿੱਖਿਆ ਸਹਾਇਤਾ, ਤਾਂ ਜੋ ਉਹ ਵੱਡੇ ਹੋ ਕੇ ਆਤਮਨਿਰਭਰ ਜੀਵਨ ਬਤੀਤ ਕਰ ਸਕਣ। ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਵਿੱਤੀ ਮਦਦ ਤੱਕ ਸੀਮਿਤ ਨਹੀਂ — ਸਗੋਂ ਹਰ ਬੱਚੇ ਨੂੰ ਆਤਮਵਿਸ਼ਵਾਸੀ ਤੇ ਯੋਗ ਨਾਗਰਿਕ ਵਜੋਂ ਤਿਆਰ ਕਰਨਾ ਹੈ।

Written By
The Punjab Wire