ਪੰਡੋਰੀ ਧਾਮ ਦੇ ਮਹਾਰਾਜ ਰਘਬੀਰ ਦਾਸ ਜੀ ਵਲੋਂ ਸਿਵਲ ਹਸਪਤਾਲ ਲਈ 12-12 ਕਿਲੋ ਦੀਆਂ ਕਪੈਸਟੀ ਵਾਲੀਆਂ ਦੋ ਵਾਸ਼ਿੰਗ ਮਸ਼ੀਨਾਂ ਭੇਂਟ
ਰਮਨ ਬਹਿਲ ਵਲੋਂ ਪੰਡੋਰੀ ਧਾਮ ਵਿਖੇ ਪਹੁੰਚ ਕੇ ਬਾਬਾ ਜੀ ਦਾ ਕੀਤਾ ਗਿਆ ਧੰਨਵਾਦ
ਗੁਰਦਾਸਪੁਰ ,23 ਅਕਤੂਬਰ 2025 (ਮੰਨਨ ਸੈਣੀ)– ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਲੋਕਾਂ ਦੀ ਸਹੂਲਤ ਲਈ ਜਿੱਥੇ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ , ਉਸ ਦੇ ਨਾਲ ਹੀ ਸਮਾਜ ਸੇਵੀਆਂ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਅੱਜ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਤਕਰੀਬਨ ਇਕ ਸਾਲ ਦੇ ਦੌਰਾਨ ਕਈ ਸਮਾਜ ਸੇਵੀਆਂ ਅਤੇ ਧਾਰਮਿਕ ਸ਼ਖਸੀਅਤਾਂ ਤੱਕ ਪਹੁੰਚ ਕੀਤੀ ਗਈ ਸੀ, ਜਿਸ ਦੇ ਚਲਦਿਆਂ ਅੱਜ ਪੰਡੋਰੀ ਧਾਮ ਦੇ ਮਹਾਰਾਜ ਰਘਬੀਰ ਦਾਸ ਜੀ ਨੇ ਇਸ ਹਸਪਤਾਲ ਵਿਖੇ 12-12 ਕਿਲੋ ਦੀਆਂ ਕਪੈਸਟੀ ਵਾਲੀਆਂ ਦੋ ਵਾਸ਼ਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ।
ਉਨ੍ਹਾਂ ਪੰਡੋਰੀ ਧਾਮ ਵਿਖੇ ਜਿੱਥੇ ਮਹਾਰਾਜਾ ਰਘਬੀਰ ਦਾਸ ਜੀ ਦਾ ਧੰਨਵਾਦ ਕੀਤਾ, ਨਾਲ ਹੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲੋਕ ਸੇਵਾ ਨੂੰ ਮੁੱਖ ਰੱਖਦੇ ਹੋਏ ਪੁਰਾਣੇ ਹਸਪਤਾਲ ਦੇ ਚਾਲੂ ਹੋਣ ਸਮੇ 5 ਲੱਖ ਰੁਪਏ ਦਾ ਸਾਮਾਨ ਭੇਂਟ ਕੀਤਾ ਗਿਆ ਸੀ, ਜਿਸ ਵਿੱਚ ਫਰਨੀਚਰ, ਅਲਮਾਰੀਆਂ ਅਤੇ ਬੈਡ ਸ਼ੀਟਸ ਆਦਿ ਸ਼ਾਮਿਲ ਸੀ।
ਉਨ੍ਹਾਂ ਹੋਰ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਹਸਪਤਾਲ ਵਿੱਚ ਆਉਣ ਵਾਲੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਰਮਨ ਬਹਿਲ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਅਰਚਨਾ ਬਹਿਲ ਅਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਅਰਵਿੰਦ ਮਹਾਜਨ ਵੀ ਮੋਜੂਦ ਸਨ।