ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਬੈਠਕ ਵਿੱਚ ਵਿਚਾਰ ਚਰਚਾ
ਗੁਰਦਾਸਪੁਰ, 14 ਅਕਤੂਬਰ 2025 (ਮਨਨ ਸੈਣੀ)। ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਬੈਠਕ ਸਭਾ ਦੇ ਮੈਂਬਰ ਕੇ ਪੀ ਸਿੰਘ ਦੀ ਮੇਜ਼ਬਾਨੀ ਹੇਠ ਸਥਾਨਕ ਓਂਕਾਰ ਨਗਰ ਸਥਿਤ ਉਨ੍ਹਾਂ ਦੇ ਗ੍ਰਹਿ ਵਿੱਚ ਹੋਈ । ਮੀਟਿੰਗ ਦਾ ਮੁੱਖ ਏਜੰਡਾ ਸਵਰਗੀ ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਸਲਾਨਾ ਯਾਦਗਾਰੀ ਸਮਾਗਮ ਕਰਾਉਣ ਸਬੰਧੀ ਸੀ । ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਦੱਸਿਆ ਕਿ ਏਜੰਡੇ ਅਨੁਸਾਰ 26 ਅਕਤੂਬਰ ਦਿਨ ਐਤਵਾਰ ਨੂੰ ਯਾਦਗਾਰੀ ਸਮਾਗਮ ਕਰਵਾਉਣ ਲਈ ਦਿਨ ਨਿਸ਼ਚਿਤ ਕੀਤਾ ਗਿਆ । ਯਾਦਗਾਰੀ ਸਨਮਾਨ ਦੇਣ ਵਾਸਤੇ ਮੈਂਬਰਾਂ ਵੱਲੋਂ ਸੁਝਾਏ ਗਏ ਨਾਵਾਂ ਉੱਤੇ ਵਿਚਾਰ ਵੀ ਹੋਈ । ਸਭਾ ਦੇ ਸਮੁੱਚੇ ਮੈਂਬਰਾਂ ਵੱਲੋਂ ਹਮੇਸ਼ਾ ਵਾਂਗ ਪ੍ਰੋਗਰਾਮ ਵਾਸਤੇ ਵਿੱਤੀ ਸਹਾਇਤਾ ਅਤੇ ਹਰੇਕ ਪੱਖੋਂ ਸਹਿਯੋਗ ਦੇਣ ਦੀ ਹਾਮੀ ਭਰੀ ਗਈ । ਵਿਚਾਰ ਚਰਚਾ ਤੋਂ ਬਾਅਦ ਸੰਖੇਪ ਕਵੀ ਦਰਬਾਰ ਵੀ ਕੀਤਾ ਗਿਆ । ਜਿਸ ਵਿੱਚ ਸਾਰਿਆਂ ਨੇ ਆਪਣਾ-ਆਪਣਾ ਕਲਾਮ ਸਾਂਝਾ ਕੀਤਾ । ਅਸ਼ਵਨੀ ਕੁਮਾਰ ਨੇ ਸੁਪਰੀਮ ਕੋਰਟ ਦੇ ਜੱਜ ਦੀ ਇੱਕ ਜ਼ਿੰਮੇਵਾਰ ਵਿਅਕਤੀ ਵੱਲੋਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਅਤੇ ਬਹੁਤ ਹੀ ਮਹੱਤਵਪੂਰਨ ਰੁਤਬੇ ਉੱਤੇ ਤਾਇਨਾਤ ਇਕ ਆਈ. ਪੀ. ਐੱਸ. ਅਧਿਕਾਰੀ ਵੱਲੋਂ ਕੀਤੀ ਖ਼ੁਦਕੁਸ਼ੀ ਨੂੰ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਦੱਸਿਆ । ਅਖੀਰ ਵਿੱਚ ਸਭਾ ਦੇ ਮੁੱਖ ਸਲਾਹਕਾਰ ਪ੍ਰੋਫ਼ੈਸਰ ਰਾਜ ਕੁਮਾਰ ਨੇ ਮੀਟਿੰਗ ਨੂੰ ਤਸੱਲੀਬਖ਼ਸ਼ ਦੱਸਦਿਆਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸਭਾ ਦੇ ਕਨਵੀਨਰ ਸੁਭਾਸ਼ ਦੀਵਾਨਾ, ਕੇ ਪੀ ਸਿੰਘ, ਗੁਰਦੇਵ ਸਿੰਘ ਭੁੱਲਰ, ਹਰਪਾਲ ਬੈਂਸ, ਸੁਨੀਲ ਕੁਮਾਰ, ਰਜਿੰਦਰ ਸਿੰਘ ਛੀਨਾ, ਰਜਨੀਸ਼ ਵਸ਼ਿਸ਼ਟ, ਮਾਸਟਰ ਨਵਨੀਤ ਕੁਮਾਰ ਹਾਜ਼ਰ ਸਨ ।