Close

Recent Posts

PUNJAB FLOODS ਹੋਰ ਪੰਜਾਬ

ਕਿਸਾਨਾਂ ਦੀ ਬੈਂਕਿੰਗ ਸੇਵਾਵਾਂ ਤੱਕ ਸੌਖਾਲੀ ਪਹੁੰਚ ਲਈ ਮੰਡੀਆਂ ਵਿੱਚ 29 ਹੋਰ ਏ.ਟੀ.ਐਮ. ਲਾਏ ਜਾਣਗੇ: ਹਰਚੰਦ ਸਿੰਘ ਬਰਸਟ

ਕਿਸਾਨਾਂ ਦੀ ਬੈਂਕਿੰਗ ਸੇਵਾਵਾਂ ਤੱਕ ਸੌਖਾਲੀ ਪਹੁੰਚ ਲਈ ਮੰਡੀਆਂ ਵਿੱਚ 29 ਹੋਰ ਏ.ਟੀ.ਐਮ. ਲਾਏ ਜਾਣਗੇ: ਹਰਚੰਦ ਸਿੰਘ ਬਰਸਟ
  • PublishedSeptember 25, 2025

ਕਿਹਾ, ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵਚਨਬੱਧ

ਬੋਰਡ ਮੀਟਿੰਗ ਦੌਰਾਨ ਕਈ ਏਜੰਡੇ ਪਾਸ

“ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਸੀਜ਼ਨ ਲਈ ਪੁਖ਼ਤਾ ਖ਼ਰੀਦ ਪ੍ਰਬੰਧ”

ਚੰਡੀਗੜ੍ਹ/ਐਸ.ਏ.ਐਸ.ਨਗਰ, 25 ਸਤੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਮੰਡੀ ਬੋਰਡ ਵੱਲੋਂ ਮਾਲੀਆ ਸਿਰਜਣ ਅਤੇ ਕਿਸਾਨਾਂ ਦੀ ਬੈਂਕਿੰਗ ਸੇਵਾਵਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਲਈ 14 ਜ਼ਿਲ੍ਹਿਆਂ ਵਿੱਚ 29 ਹੋਰ ਏ.ਟੀ.ਐਮ. ਲਗਾਏ ਗਏ ਹਨ। ਦੱਸਣਯੋਗ ਹੈ ਕਿ ਪਟਿਆਲਾ ਤੇ ਜਲੰਧਰ ਦੀਆਂ ਮੰਡੀਆਂ ਵਿੱਚ ਚਾਰ ਏਟੀਐਮਜ਼ ਚਾਲੂ ਹੋ ਚੁੱਕੇ ਹਨ।

ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਬੋਰਡ ਆਫ਼ ਡਾਇਰੈਕਟਰਜ਼ (ਬੀ.ਓ.ਡੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਇਹ ਏ.ਟੀ.ਐਮ. ਬੈਂਕਿੰਗ ਸੇਵਾਵਾਂ ਤੱਕ ਕਿਸਾਨਾਂ ਅਤੇ ਆਮ ਲੋਕਾਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾ ਕੇ ਉਨ੍ਹਾਂ ਦਾ ਸਮਾਂ ਅਤੇ ਮਿਹਨਤ ਦੋਵਾਂ ਦੀ ਬੱਚਤ ਕਰਦਿਆਂ ਉਨ੍ਹਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੇ ਹਨ ਅਤੇ ਪੰਜਾਬ ਮੰਡੀ ਬੋਰਡ ਦੇ ਮਾਲੀਏ ਵਿੱਚ ਵੀ ਵਾਧਾ ਕਰ ਰਹੇ ਹਨ।

ਚੇਅਰਮੈਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਡੀ ਬੋਰਡ ਨਾਲ ਸਬੰਧਤ ਵੱਖ-ਵੱਖ ਮੁੱਖ ਏਜੰਡਿਆਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਮਹੱਤਵਪੂਰਨ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੈਸਲਿਆਂ ਨੂੰ ਜਲਦ ਤੋਂ ਜਲਦ ਲਾਗੂ ਕਰਨ ਦਾ ਸੰਕਲਪ ਵੀ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਚੁੱਕੇ ਜਾ ਰਹੇ ਕਦਮਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਮੰਡੀਆਂ ‘ਚ ਯੂਨੀਪੋਲ ਲਗਾਉਣਾ, ਖਾਲੀ ਪਲਾਟਾਂ ਦੀ ਈ-ਨਿਲਾਮੀ ਅਤੇ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਆਮ ਜਨਤਾ ਦੀ ਸਹੂਲਤ ਲਈ ਹੋਰ ਵਿਕਾਸ ਕਾਰਜ ਸ਼ਾਮਲ ਹਨ।

ਸੂਬਾ ਸਰਕਾਰ ਦੀ ਸੁਚਾਰੂ ਖਰੀਦ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਵੱਧ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਾਉਣੀ ਖਰੀਦ ਸੀਜ਼ਨ 2025-26 ਲਈ ਸੂਬਾ ਸਰਕਾਰ ਵੱਲੋਂ 1822 ਖਰੀਦ ਕੇਂਦਰ ਸਥਾਪਤ ਕੀਤੇ ਹਨ ਜਿਨ੍ਹਾਂ ਵਿੱਚ ਸਫਾਈ, ਬਿਜਲੀ, ਪੀਣ ਵਾਲਾ ਪਾਣੀ, ਵਾਸ਼ਰੂਮ, ਸ਼ੈੱਡ ਅਤੇ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਇਆ ਜਾ ਸਕੇ।

ਮੀਟਿੰਗ ਵਿੱਚ ਪਿਛਲੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ‘ਤੇ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।

ਇਸ ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ, ਹੋਰ ਅਧਿਕਾਰੀ ਅਤੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਸ਼ਾਮਲ ਸਨ।

Written By
The Punjab Wire