ਹਵਾਈ ਸਰਵੇ ਦੀ ਬਜਾਏ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਜਾ ਕੇ ਹੜ੍ਹ ਪੀੜਤਾਂ ਨਾਲ ਮਿਲਣਗੇ ਰਾਹੁਲ ਗਾਂਧੀ
ਡੇਰਾ ਬਾਬਾ ਨਾਨਕ ਤੇ ਦੀਨਾਨਗਰ ਹਲਕੇ ਦਾ ਕਰਨਗੇ ਦੌਰਾ, ਗੁਰਚੱਕ ਤੇ ਮਕੌੜਾ ਪੱਤਣ ‘ਚ ਲੋਕਾਂ ਨਾਲ ਕਰਨਗੇ ਮੁਲਾਕਾਤ
ਗੁਰਦਾਸਪੁਰ, 14 ਸਤੰਬਰ 2025 (ਮੰਨਨ ਸੈਣੀ)। ਦੇਸ਼ ਦੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨਗੇ। ਖ਼ਾਸ ਗੱਲ ਇਹ ਹੈ ਕਿ ਉਹ ਹਵਾਈ ਸਰਵੇ ਦੀ ਥਾਂ ਸਿੱਧੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰੂਬਰੂ ਹੋਣਗੇ। ਦੌਰੇ ਦੌਰਾਨ ਉਹ ਡੇਰਾ ਬਾਬਾ ਨਾਨਕ ਹਲਕੇ ਦੇ ਗੁਰਚੱਕ ਅਤੇ ਦੀਨਾਨਗਰ ਇਲਾਕੇ ਦੇ ਮਕੌੜਾ ਪੱਤਣ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਦੀਆਂ ਹਲਕੇ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਖ਼ਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਖ਼ੁਦ ਲੋਕਾਂ ਦੇ ਦੁੱਖ-ਦਰਦ ਸੁਣਨ ਅਤੇ ਹਕੀਕਤ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦਾ ਫੈਸਲਾ ਕੀਤਾ ਹੈ।
ਪਿਛਲੇ ਦਿਨਾਂ ਪੰਜਾਬ ਵਿੱਚ ਆਏ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਖੇਤ ਪਾਣੀ ਹੇਠ ਆ ਗਏ, ਘਰਾਂ ਵਿੱਚ ਪਾਣੀ ਵੜ੍ਹ ਗਿਆ ਅਤੇ ਲੋਕਾਂ ਦਾ ਰੋਜਾਨਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸਮੇਂ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਰਾਹਤ ਤੇ ਬਚਾਵ ਕਾਰਜਾਂ ਵਿੱਚ ਰੁਝੀਆਂ ਹੋਈਆਂ ਹਨ। ਲੋੜਵੰਦਾਂ ਤੱਕ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਪੁਚਾਈਆਂ ਜਾ ਰਹੀਆਂ ਹਨ।
ਯਾਦ ਰਹੇ ਕਿ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ‘ਤੇ ਚਿੰਤਾ ਜਤਾਈ ਸੀ। ਉਹਨਾਂ ਨੇ ਬਾਰੀਸ਼ ਅਤੇ ਹੜ੍ਹਾ ਕਾਰਨ ਹੋਈ ਜਾਨੀ ਨੁਕਸਾਨ ‘ਤੇ ਦੁਖ ਪ੍ਰਗਟਾਇਆ ਸੀ ਅਤੇ ਗੁਆਂਢੀਆਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਸੀ।
ਇਸ ਦੇ ਨਾਲ ਹੀ, ਉਹਨਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰਕੇ ਰਾਹਤ ਕਾਰਜ ਤੇਜ਼ ਕੀਤੇ ਜਾਣ ਤਾਂ ਜੋ ਲੋਕਾਂ ਤੱਕ ਸਮੇਂ ‘ਤੇ ਸਹਾਇਤਾ ਪੁਚਾਈ ਜਾ ਸਕੇ। ਇਸਦੇ ਇਲਾਵਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਵੀ ਉਹਨਾਂ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਮਿਲ ਕੇ ਬਚਾਵ ਤੇ ਰਾਹਤ ਕਾਰਜਾਂ ਵਿੱਚ ਸਰਗਰਮ ਹੋਣ।