ਵਿਧਾਇਕਾ ਅਰੁਣਾ ਚੌਧਰੀ ਨੇ ਹੜ੍ਹ ਪੀੜਤਾਂ ਲਈ ਭੇਜੀਆਂ ਰਾਸ਼ਨ ਕਿੱਟਾਂ, ਟੀਮ ਮੈਂਬਰਾਂ ਨੇ ਪਿੰਡਾਂ ਵਿੱਚ ਵੰਡੀਆਂ
ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਯਤਨ ਕਰ ਰਹੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ
ਦੀਨਾਨਗਰ, 10 ਸਤੰਬਰ 2025 (ਮੰਨਨ ਸੈਣੀ )। ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਅੱਜ ਪਿੰਡ ਬਾਲਾਪਿੰਡੀ, ਚੱਕਰਾਜਾ, ਤਾਜਪੁਰ ਅਤੇ ਮੱਦੇਪੁਰ ਵਿਖੇ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ। ਅਰੁਣਾ ਚੌਧਰੀ ਵੱਲੋਂ ਇਨ੍ਹਾਂ ਰਾਸ਼ਨ ਕਿੱਟਾਂ ਨੂੰ ਵੱਖ-ਵੱਖ ਪਿੰਡਾਂ ਲਈ ਆਪਣੇ ਗ੍ਰਹਿ ਤੋਂ ਰਵਾਨਾ ਕੀਤਾ ਗਿਆ। ਜਿਨ੍ਹਾਂ ਨੂੰ ਅੱਗੇ ਉਨ੍ਹਾਂ ਦੀ ਟੀਮ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਲੋੜਵੰਦਾਂ ਵਿੱਚ ਵੰਡਿਆ ਗਿਆ।
ਗੱਡੀਆਂ ਰਵਾਨਾ ਕਰਨ ਮੌਕੇ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਮੁਸੀਬਤ ਦੀ ਇਸ ਘੜੀ ਵਿੱਚ ਆਪਣੇ ਲੋਕਾਂ ਦੀ ਮਦਦ ਕਰਨਾ ਉਹ ਆਪਣਾ ਫ਼ਰਜ਼ ਸਮਝਦੇ ਹਨ ਅਤੇ ਇਸ ਕੁਦਰਤੀ ਆਫ਼ਤ ਦੇ ਆਉਣ ‘ਤੇ ਉਹ ਪਹਿਲੇ ਹੀ ਦਿਨ ਤੋਂ ਆਪਣੀ ਟੀਮ ਸਮੇਤ ਪੀੜਤ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਮੌਜੂਦਾ ਹਾਲਤ ਅਤੇ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਪਿੰਡਾਂ ਵਿੱਚ ਤਾਂ ਉਨ੍ਹਾਂ ਵੱਲੋਂ ਦੂਸਰੀ ਵਾਰ ਰਾਹਤ ਸਮੱਗਰੀ ਜ਼ਰੀਏ ਮਦਦ ਭਿੱਜਵਾਈ ਗਈ ਹੈ ਅਤੇ ਅਗਾਂਹ ਵੀ ਉਹ ਮਦਦ ਦਾ ਭਰੋਸਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਵੱਖ-ਵੱਖ ਸੁਰੱਖਿਅਤ ਥਾਵਾਂ ’ਤੇ ਆਸਰਾ ਲੈਣ ਵਾਲੇ ਲੋਕ ਘਰਾਂ ਨੂੰ ਪਰਤ ਆਏ ਹਨ ਪਰ ਨਿੱਜੀ ਤੌਰ ’ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਜੇ ਘੱਟ ਨਹੀਂ ਹੋਈਆਂ ਹਨ। ਜਿਨ੍ਹਾਂ ਨੂੰ ਸਮੇਂ ਸਮੇਂ ’ਤੇ ਮਦਦ ਭੇਜ ਕੇ ਰਾਹਤ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਵਿਧਾਇਕਾ ਅਰੁਣਾ ਚੌਧਰੀ ਦੇ ਆਦੇਸ਼ਾਂ ’ਤੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਦੀ ਦੇਖਰੇਖ ਹੇਠ ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ ਤੇ ਹੋਰਨਾਂ ਟੀਮ ਮੈਂਬਰਾਂ ਵੱਲੋਂ ਪਿੰਡ ਚੱਕਰਾਜਾ ਅਤੇ ਤਾਜਪੁਰ ਵਿਖੇ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਦਕਿ ਪਿੰਡ ਬਾਲਾਪਿੰਡੀ ਅਤੇ ਮੱਦੇਪੁਰ ਵਿਖੇ ਬਾਕੀ ਟੀਮ ਮੈਂਬਰਾਂ ਨੇ ਜ਼ਿੰਮੇਵਾਰੀ ਨਿਭਾਈ। ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਹ ਵਿਧਾਇਕਾ ਅਰੁਣਾ ਚੌਧਰੀ ਦੀ ਦਰਿਆਦਿਲੀ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭਿੱਜਵਾ ਰਹੇ ਹਨ ਅਤੇ ਖ਼ੁਦ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਦੁੱਖ ਦਰਦ ਨੂੰ ਜਾਣ ਰਹੇ ਹਨ। ਇਸ ਦੌਰਾਨ ਪਿੰਡਾਂ ਦੀਆਂ ਔਰਤਾਂ ਨੇ ਰਾਸ਼ਨ ਕਿੱਟਾਂ ਭਿੱਜਵਾਉਣ ਲਈ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਐਨਆਰਆਈ ਮੌਂਟੀ ਘੁੰਮਣ, ਜਗਰੂਪ ਰੰਧਾਵਾ, ਪੰਕਜ ਕੁਮਾਰ, ਦੀਦਾਰ ਸਿੰਘ ਲਾਡੀ ਤਾਜਪੁਰ, ਅਮਰਨਾਥ ਚੱਕਰਾਜਾ, ਬੱਬੂ ਪੰਡੋਰੀ ਬੈਂਸਾਂ, ਵਿਜੇ ਸ਼ਰਮਾ, ਹਰਪਾਲ ਸਿੰਘ, ਬਿਕਰਮਜੀਤ ਮੱਦੇਪੁਰ, ਅੰਗਰੇਜ਼ ਸਿੰਘ, ਦਲਬੀਰ ਸਿੰਘ, ਅਮਰਜੀਤ ਮੱਦੇਪੁਰ, ਸਰਪੰਚ ਕਮਲੇਸ਼ ਕੁਮਾਰੀ ਬਾਲਾਪਿੰਡੀ, ਗੌਰਵ ਗੋਰੂ, ਸੁਰੇਸ਼ ਕੁਮਾਰ ਬਾਲਾਪਿੰਡੀ ਅਤੇ ਰਾਮ ਸਰੂਪ ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।