Close

Recent Posts

ਗੁਰਦਾਸਪੁਰ ਪੰਜਾਬ

ਜਿੱਥੇ ਚਾਹ ਓਥੇ ਰਾਹ- ਵਿਧਾਇਕ ਪਾਹੜਾ ਦੀ ਅਗਵਾਈ ਹੇਠ ਧੁੱਸੀ ਬੰਨ੍ਹ ਦੀ ਮੁਰੰਮਤ ਮੁਕੰਮਲ, ਇਲਾਕਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ

ਜਿੱਥੇ ਚਾਹ ਓਥੇ ਰਾਹ- ਵਿਧਾਇਕ ਪਾਹੜਾ ਦੀ ਅਗਵਾਈ ਹੇਠ ਧੁੱਸੀ ਬੰਨ੍ਹ ਦੀ ਮੁਰੰਮਤ ਮੁਕੰਮਲ, ਇਲਾਕਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ
  • PublishedSeptember 6, 2025

ਸੇਵਾ ਭਾਵਨਾ ਦੀ ਮਿਸਾਲ ਪੇਸ਼ ਕਰਦੇ ਵਿਧਾਇਕ ਪਾਹੜਾ ਨੇ ਆਪਣੇ ਖਰਚੇ ‘ਤੇ ਕਰਵਾਈ ਧੁੱਸੀ ਬੰਨ੍ਹ ਦੀ ਮੁਰੰਮਤ

ਬਾਬਾ ਸ੍ਰੀ ਚੰਦ ਜੀ ਵੱਲੋਂ ਲਗਾਈ ਗਈ ਸੇਵਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ ਹੈ, ਇਸ ਲਈ ਖਰਚਾ ਕੋਈ ਮਾਇਨੇ ਨਹੀਂ ਰੱਖਦਾ- ਪਾਹੜਾ

ਗੁਰਦਾਸਪੁਰ, 6 ਸਤੰਬਰ 2025 (ਮੰਨਨ ਸੈਣੀ)। ਬੀਤੇ ਦਿਨੀਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦੀਨਾਨਗਰ ਦੇ ਪਿੰਡ ਗਾਹਲੜੀ ਨੋਮਨੀ ਹੈੱਡਵਰਕਸ ਨੇੜੇ ਦੋ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ, ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਕੀਤਾ, ਜੋ ਕਿ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ।

ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਗਾਹਲੜੀ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਦੋ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇੱਕ ਥਾਂ ’ਤੇ ਲਗਭਗ 100 ਫੁੱਟ ਲੰਬੀ ਦਰਾਰ ਪਈ ਸੀ, ਜਦਕਿ ਦੂਜੀ ਥਾਂ ’ਤੇ ਲਗਭਗ 500 ਫੁੱਟ ਲੰਬੀ ਦਰਾਰ ਸੀ। ਉਨ੍ਹਾਂ ਦੱਸਿਆ ਕਿ 100 ਫੁੱਟ ਵਾਲੀ ਦਰਾਰ ਨੂੰ ਪਹਿਲਾਂ ਹੀ ਭਰ ਦਿੱਤਾ ਗਿਆ ਸੀ, ਜਦਕਿ 500 ਫੁੱਟ ਲੰਬੀ ਦਰਾਰ, ਜੋ ਕਿ ਲਗਭਗ 30 ਫੁੱਟ ਡੂੰਘੀ ਸੀ, ਨੂੰ ਭਰਨ ਦਾ ਕੰਮ ਸੋਮਵਾਰ ਤੋਂ ਸ਼ੁਰੂ ਕੀਤਾ ਗਿਆ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਅਤੇ ਮਿੱਟੀ ਦੇ ਲਗਾਤਾਰ ਬੈਠਣ ਕਾਰਨ, ਬੇਸ ’ਤੇ ਲਗਭਗ 70 ਫੁੱਟ ਅਤੇ ਉੱਪਰ ਤੋਂ 20 ਫੁੱਟ ਚੌੜਾ ਅਤੇ 500 ਫੁੱਟ ਲੰਬਾ ਧੁੱਸੀ ਬੰਨ੍ਹ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਟੁੱਟਣ ਕਾਰਨ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਰਮਦਾਸ ਤੱਕ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਸੀ। ਇਸ ਲਈ ਧੁੱਸੀ ਬੰਨ੍ਹ ਨੂੰ ਤੁਰੰਤ ਠੀਕ ਕਰਨਾ ਬਹੁਤ ਜ਼ਰੂਰੀ ਸੀ।

ਉਨ੍ਹਾਂ ਨੇ ਦੱਸਿਆ ਕਿ ਇਸ ਕੰਮ ਲਈ ਸਾਰੀ ਮਿੱਟੀ ਉਨ੍ਹਾਂ ਨੇ ਆਪਣੇ ਖੇਤਾਂ ਤੋਂ ਚੁੱਕੀ ਹੈ, ਜਦਕਿ ਟਿੱਪਰਾਂ ਅਤੇ ਜੇਸੀਬੀ ਦਾ ਪ੍ਰਬੰਧ ਵੀ ਉਨ੍ਹਾਂ ਨੇ ਆਪਣੇ ਪੱਧਰ ’ਤੇ ਕੀਤਾ ਸੀ। ਜਦੋਂ ਉਨ੍ਹਾਂ ਤੋਂ ਇਸ ਬੰਨ੍ਹ ’ਤੇ ਆਏ ਅਨੁਮਾਨਿਤ ਖਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ। ਇਸ ਲਈ ਖਰਚ ਦੀ ਮਾਤਰਾ ਕੋਈ ਮਾਇਨੇ ਨਹੀਂ ਰੱਖਦੀ। ਉਨ੍ਹਾਂ ਦੱਸਿਆ ਕਿ ਆਪਣੇ ਵਰਕਰਾਂ ਦੇ ਸਹਿਯੋਗ ਅਤੇ ਬਾਬਾ ਸ਼੍ਰੀ ਚੰਦ ਜੀ ਦੀ ਕਿਰਪਾ ਨਾਲ ਸ਼ਨੀਵਾਰ ਨੂੰ ਇਹ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਨੂੰ ਬਣਾਉਂਦੇ ਸਮੇਂ ਮਿੱਟੀ ਦੇ ਨਾਲ-ਨਾਲ ਇੱਟਾਂ ਅਤੇ ਪੱਥਰਾਂ ਦੀ ਵਰਤੋਂ ਵੀ ਕੀਤੀ ਗਈ ਹੈ, ਤਾਂ ਜੋ ਜੇਕਰ ਭਵਿੱਖ ਵਿੱਚ ਪਾਣੀ ਦਾ ਪੱਧਰ ਮੁੜ ਵਧੇ ਤਾਂ ਇਸ ਦਾ ਕੋਈ ਅਸਰ ਨਾ ਪਵੇ। ਨਾਲ ਹੀ, ਇੱਟਾਂ ਅਤੇ ਪੱਥਰਾਂ ਨਾਲ ਕੀਤੀ ਗਈ ਮਜ਼ਬੂਤੀ ਕਾਰਨ ਹੁਣ ਧੁੱਸੀ ਬੰਨ੍ਹ ਦੇ ਬੈਠਣ ਦਾ ਕੋਈ ਖਤਰਾ ਨਹੀਂ ਰਿਹਾ।

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ, “ਮੈਂ ਇਸ ਕੰਮ ਵਿੱਚ ਸਹਿਯੋਗ ਦੇਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਅਤੇ ਵਿਸ਼ੇਸ਼ ਤੌਰ ’ਤੇ ਸਾਰੇ ਟਰੱਕਾਂ, ਟਰਾਲੀਆਂ, ਜੇਸੀਬੀ, ਪੋਕਲੇਨ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਮਿਹਨਤ ਨਾਲ ਇਹ ਕੰਮ ਸਫਲਤਾਪੂਰਵਕ ਪੂਰਾ ਹੋਇਆ ਹੈ। ਬਾਬਾ ਸ਼੍ਰੀ ਚੰਦ ਜੀ ਨੇ ਖੁਦ ਇਸ ਨੂੰ ਪੂਰਾ ਕਰਨ ਦੀ ਸੇਵਾ ਲਈ ਹੈ ਅਤੇ ਉਨ੍ਹਾਂ ਦੀ ਕਿਰਪਾ ਨਾਲ ਇਹ ਕੰਮ ਮੁਕੰਮਲ ਹੋਇਆ ਹੈ।”

Written By
The Punjab Wire