262 ਗ੍ਰਾਮ ਹੈਰੋਇਨ ਅਤੇ 1.5 ਲੱਖ ਦੀ ਡਰੱਗ ਮਨੀ ਸਮੇਤ ਦੋ ਕਾਬੂ
ਗੁਰਦਾਸਪੁਰ, 6 ਸਤੰਬਰ 2025 (ਮੰਨਨ ਸੈਣੀ)। ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਗੁਰਦਾਸਪੁਰ, ਸ੍ਰੀ ਅਦਿਤਿਆ, ਆਈ.ਪੀ.ਐਸ., ਦੀ ਸਖ਼ਤ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ “ਯੁੱਧ ਨਸ਼ਿਆਂ ਖ਼ਿਲਾਫ਼” ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਥਾਣਾ ਦੀਨਾਨਗਰ ਦੀ ਪੁਲਿਸ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਦੀਨਾਨਗਰ, ਸ੍ਰੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਐਸਐਸਪੀ ਸ੍ਰੀ ਅਦਿਤਿਆ ਵੱਲੋਂ ਮਿਲੇ ਨਿਰਦੇਸ਼ਾਂ ਤਹਿਤ ਪੁਲਿਸ ਨੇ ਨੈਸ਼ਨਲ ਹਾਈਵੇ ‘ਤੇ ਸਥਿਤ ‘ਡਿਲਾਈਟ ਰੈਸਟੋਰੈਂਟ’ ਦੇ ਸਾਹਮਣੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਰਦਾਸਪੁਰ ਵਾਲੇ ਪਾਸਿਓਂ ਆ ਰਹੀ ਇੱਕ ਸ਼ੱਕੀ ਸਵਿਫ਼ਟ ਕਾਰ ਨੂੰ ਰੋਕਿਆ ਗਿਆ।
ਕਾਰ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ 262 ਗ੍ਰਾਮ ਹੈਰੋਇਨ ਅਤੇ 1,50,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਤੁਰੰਤ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਮਿਨਹਾਸ ਨੇ ਦੱਸਿਆ ਕਿ ਅਭਿਜੀਤ ਵਾਸੀ ਪੱਖਰੀ ਜਨਿਆਲ (ਪਠਾਨਕੋਟ) ਅਤੇ ਆਸਮਦੀਨ ਉਰਫ਼ ਆਸ਼ੂ, ਪੁੱਤਰ ਮੁਰੀਦਦੀਨ, ਵਾਸੀ ਪਿੰਡ ਪੰਡੋਰੀ (ਕਠੂਆ, ਜੰਮੂ-ਕਸ਼ਮੀਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਦੀਨਾਨਗਰ ਵਿਖੇ NDPS ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਐਸਐਸਪੀ ਸ੍ਰੀ ਅਦਿਤਿਆ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਨਸ਼ਾ ਨੈੱਟਵਰਕ ਦੇ ਬੈਕਵਰਡ ਅਤੇ ਫੋਰਵਰਡ ਲਿੰਕਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਜਤਾਇਆ ਕਿ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।