ਸਪਸ਼ਟ ਜਵਾਬ ਨਾ ਮਿਲਣ ‘ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸ਼ਿਕਾਇਤ ਕਰਨ ਦੀ ਕੀਤੀ ਗੱਲ
ਗੁਰਦਾਸਪੁਰ, 3 ਸਤੰਬਰ 2025 (ਮੰਨਨ ਸੈਣੀ)। ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਕਰਕੇ ਬਹੁਤੀਆਂ ਸੰਪਰਕ ਸੜਕਾਂ ਅਤੇ ਪੁਲ ਬਰਬਾਦ ਹੋ ਗਏ ਪਰ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਫਸਰ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਲਈ ਕੰਮ ਕਰਨ ਦੀ ਬਜਾਏ ਇਧਰ ਉਧਰ ਘੁੰਮ ਰਹੇ ਹਨ। ਅੱਜ ਮੌਕੇ ‘ ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਉਸ ਵੇਲੇ ਗੁੱਸੇ ਵਿੱਚ ਆ ਗਏ ਜਦੋਂ ਲੋਕਾਂ ਨੇ ਟੁੱਟੀ ਹੋਈ ਸੜਕ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਜ਼ਿਲ੍ਹੇ ਨਾਲ ਸੰਬੰਧਤ ਅਧਿਕਾਰੀਆਂ ਦੇ ਗੈਰ ਜਿੰਮੇਦਾਰਾਨਾ ਰਵੱਈਏ ਬਾਰੇ ਰੰਧਾਵਾ ਸਾਹਬ ਨੂੰ ਸ਼ਿਕਾਇਤ ਕੀਤੀ।
ਉਨ੍ਹਾਂ ਤੁਰੰਤ ਸੰਬੰਧਤ ਅਧਿਕਾਰੀ ਨੂੰ ਫੋਨ ਲਗਾਇਆ ਤਾਂ ਅਧਿਕਾਰੀ ਟਾਲਮਟੋਲ ਕਰਦਾ ਕੋਈ ਸਪਸ਼ਟ ਜਵਾਬ ਨਾ ਦੇ ਸਕਿਆ ਜਿਸ ਉਪਰੰਤ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਕਤ ਅਧਿਕਾਰੀ ਜਿਸਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਲੋਕਾਂ ਉੱਤੇ ਕਿਸ ਕਦਰ ਵਿਪਤਾ ਬਣੀ ਹੋਈ ਹੈ ਤੇ ਮਾਣਯੋਗ ਗਵਨਰ ਪੰਜਾਬ ਸਮੇਤ ਕਿੰਨੇ ਅਧਿਕਾਰੀ ਅਤੇ ਵਿਧਾਇਕ ਤੇ ਖੁਦ ਲੋਕ ਸਭਾ ਮੈਂਬਰ ਮੌਕੇ ‘ ਤੇ ਪਹੁੰਚੇ ਹੋਏ ਹਨ ਪਰ ਉਕਤ ਅਧਿਕਾਰੀ ਜਿਲ੍ਹੇ ਤੋਂ ਬਾਹਰ ਘੁੰਮ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਆਪਾਤਕਾਲੀਨ ਸਥਿਤੀਆਂ ਮੌਕੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਡਿਊਟੀ ਤੋਂ ਅਜਿਹੀ ਕੋਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਕਤ ਅਧਿਕਾਰੀ ਦੀ ਸ਼ਿਕਾਇਤ ਐਨ.ਐਚ.ਆਈ.ਏ ਨਾਲ ਸੰਬੰਧਤ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕਰਨਗੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਉਹ 24 ਘੰਟੇ ਇਲਾਕੇ ਦੀ ਸਥਿਤੀ ਉੱਤੇ ਨਜ਼ਰ ਰੱਖਦੇ ਹੋਏ ਆਪਣੇ ਲੋਕਾਂ ਲਈ ਖੜ੍ਹੇ ਹਨ ਤੇ ਜਨਤਾ ਨੂੰ ਆਉਣ ਵਾਲੀ ਹਰ ਮੁਸ਼ਕਿਲ ਪਹਿਲ ਦੇ ਆਧਾਰ ‘ ਤੇ ਹੱਲ ਕਰਦਿਆਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਉਹਨਾਂ ਦਾ ਪਹਿਲਾ ਫਰਜ਼ ਹੈ।
ਇਸ ਮੌਕੇ ਉਨ੍ਹਾਂ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਉਪਯੁਕਤ ਪੈਕੇਜ ਪ੍ਰਾਪਤ ਕਰਨ ਲਈ ਪੂਰਾ ਜ਼ੋਰ ਲਗਾਉਣਗੇ।