ਸੁਨੀਲ ਜਾਖੜ ਨੇ ਪੰਜਾਬ ਵਿੱਚ ਹੋਏ ਹੜਾਂ ਦੇ ਭਾਰੀ ਨੁਕਸਾਨ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਕੇਂਦਰੀ ਸਹਾਇਤਾ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ,30 ਅਗਸਤ 2025 (ਦੀ ਪੰਜਾਬ ਵਾਇਰ) । ਪੰਜਾਬ ਵਿੱਚ ਹਾਲ ਹੀ ਵਿੱਚ ਆਈ ਵਿਨਾਸ਼ਕਾਰੀ ਕੁਦਰਤੀ ਆਫਤ, ਜਿਸ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਦੇ ਮੱਦੇਨਜ਼ਰ ਸੁਨੀਲ ਜਾਖੜ ਨੇ ਜਿਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ। ਉੱਥੇ ਇਸ ਪੱਤਰ ਵਿੱਚ ਉਨ੍ਹਾਂ ਨੇ ਪੰਜਾਬ ਦੀ ਗੰਭੀਰ ਸਥਿਤੀ ਨੂੰ ਵੀ ਉਜਾਗਰ ਕੀਤਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਭਾਰਤ ਦੀ ਖੁਰਾਕ ਸੁਰੱਖਿਆ ਅਤੇ ਆਰਥਿਕ ਮਜ਼ਬੂਤੀ ਦਾ ਮੁੱਖ ਸੂਬਾ ਹੈ। ਪਿਛਲੇ ਕਈ ਦਿਨਾਂ ਤੋਂ ਇਥੇ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਉੱਚੇ ਪਹਾੜੀ ਖੇਤਰਾਂ ਵਿੱਚ ਬਹੁਤ ਜਿਆਦਾ ਬਾਰਿਸ਼ ਹੋਣ ਕਾਰਨ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਸਰਹੱਦੀ ਖੇਤਰਾਂ ਭੋਆ ਵਿਧਾਨ ਸਭਾ ਹਲਕੇ ਤੋਂ ਫਾਜ਼ਿਲਕਾ ਤੱਕ, ਅਤੇ ਕਪੂਰਥਲਾ ਵਰਗੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ, ਜੋ ਪਹਿਲਾਂ ਹੀ ਗੰਭੀਰ ਹੋਈ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ।
ਉਨਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਨੇ ਵੱਡੀ ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ, ਪਰਿਵਾਰਾਂ ਦੇ ਪਰਿਵਾਰ ਬੇਘਰ ਹੋਏ ਹਨ ਅਤੇ ਹਜ਼ਾਰਾਂ ਏਕੜ ਫਸਲਾਂ ਨਸ਼ਟ ਹੋ ਗਈਆਂ ਹਨ, ਜੋ ਸੂਬੇ ਦੀ ਆਰਥਿਕਤਾ ਅਤੇ ਰਾਸ਼ਟਰੀ ਖੁਰਾਕ ਸਪਲਾਈ ਲਈ ਮਹੱਤਵਪੂਰਨ ਹਨ। ਸੁਨੀਲ ਜਾਖੜ ਨੇ ਪੱਤਰ ਵਿੱਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ (NDRF) ਅਤੇ ਵਿੱਤੀ ਸਹਾਇਤਾ ਦੀ ਸ਼ਲਾਘਾ ਕੀਤੀ, ਪਰ ਆਫਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਾਧੂ ਅਤੇ ਤੁਰੰਤ ਸਹਾਇਤਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਮੁਲਾਂਕਣ ਟੀਮਾਂ ਨੂੰ ਤੁਰੰਤ ਭੇਜਿਆ ਜਾਵੇ ਅਤੇ ਪੰਜਾਬ ਦੀ ਹੜਾਂ ਨਾਲ ਪ੍ਰਭਾਵਿਤ ਆਬਾਦੀ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਪੰਜਾਬ ਦੀ ਸਰਹੱਦੀ ਸੂਬੇ ਵਜੋਂ ਇਸ ਦੀ ਮਹੱਤਤਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਉਂਦਿਆਂ, ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ’ਤੇ ਪੂਰਾ ਭਰੋਸਾ ਹੈ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੀ ਬਾਂਹ ਜਰੂਰ ਫੜਨਗੇ।
ਉਨ੍ਹਾਂ ਕਿਹਾ ਕਿ , “ਪੰਜਾਬ ਦੀ ਇਸ ਔਖੀ ਘੜੀ ਵਿੱਚ ਤੁਰੰਤ ਕੇਂਦਰੀ ਦਖਲਅੰਦਾਜ਼ੀ ਤੇ ਸਹਾਇਤਾ ਹਜ਼ਾਰਾਂ ਪ੍ਰਭਾਵਿਤ ਪੰਜਾਬੀਆਂ ਨੂੰ ਉਮੀਦ ਅਤੇ ਰਾਹਤ ਪ੍ਰਦਾਨ ਕਰੇਗੀ।”