ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਘਰ ਘਰ ਜਾ ਕੇ ਲੈ ਰਹੇ ਹੜ੍ਹ ਪੀੜਿਤਾਂ ਦੀ ਸਾਰ
ਗੁਰਦਾਸਪੁਰ, 29 ਅਗਸਤ 2025 (ਮੰਨਨ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਰਾਹਤ ਕਾਰਜ ਨਿਰੰਤਰ ਜਾਰੀ ਹਨ। ਟੀਮ ਦੇ ਮੈਂਬਰ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਆਪਣੇ ਸਮਰਥਕਾਂ ਸਹਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਹਾਲ-ਚਾਲ ਪੁੱਛ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਰੂਰੀ ਮਦਦ ਪਹੁੰਚਾ ਰਹੇ ਹਨ।

ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਸਮੂਚਾ ਸ਼੍ਰੋਮਣੀ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਹਨ ਅਤੇ ਹਰ ਸੰਭਵ ਸਹਿਯੋਗ ਦੇ ਰਹੇ ਹਨ ਅਤੇ ਦਿੰਦੇ ਰਹਿਣਗੇ।
ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਇਹ ਵੀ ਦੱਸਿਆ ਕਿ ਹੜ੍ਹਾਂ ਕਾਰਨ ਬੱਬੇਹਾਲੀ ਪਿੰਡ ਦੇ ਹੋਣ ਵਾਲੇ ਮੇਲੇ ਵਿੱਚ ਵੀ ਕੁਝ ਬਦਲਾਅ ਕੀਤਾ ਗਿਆ ਹੈ ਅਤੇ ਜਸ਼ਨ ਵਾਲੇ ਪ੍ਰੋਗ੍ਰਾਮ ਰੱਦ ਕਰ ਦਿੱਤੇ ਗਏ ਹਨ, ਜਦਕਿ ਪੁਰਾਤਨ ਖੇੜ ਪ੍ਰੋਗ੍ਰਾਮ ਉੱਦਾ ਹੀ ਹੋਣਗੇ। ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਪਹੁੰਚ ਰਹੇ ਹਨ। ਉਹ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਵਾਹਨਾਂ ਨੂੰ ਰਵਾਨਾ ਕਰਨਗੇ। ਇਸ ਦੌਰਾਨ ਉਹ ਬਟਾਲਾ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਭੋਆ ਅਤੇ ਦੀਨਾਨਗਰ ਸਮੇਤ ਵੱਖ-ਵੱਖ ਹਲਕਿਆਂ ਵਿੱਚ ਪਹੁੰਚ ਕੇ ਪੀੜਤਾਂ ਨਾਲ ਗੱਲਬਾਤ ਵੀ ਕਰਨਗੇ।
ਅਮਰਜੋਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਪੂਰਾ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।