ਐਸਡੀਐਮ ਕਰ ਰਹੇ ਨਿਗਰਾਣੀ, ਜਿਸ ਪ੍ਰਭਾਵਿਤ ਖੇਤਰ ਦੇ ਸਕੂਲਾਂ ਅੰਦਰ ਪਾਣੀ ਭਰਿਆ ਉੱਥੇ ਹੀ ਛੁੱਟੀ-ਡੀਸੀ ਗੁਰਦਾਸਪੁਰ
ਗੁਰਦਾਸਪੁਰ, 25 ਅਗਸਤ 2025 (ਮੰਨਨ ਸੈਣੀ)। ਜ਼ਿਲ੍ਹੇ ਵਿੱਚ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ,ਪਹਾੜੀ ਖੇਤਰਾਂ ਤੋਂ ਵੀ ਲਗਾਤਾਰ ਪਾਣੀ ਰਾਵੀ ਅਤੇ ਬਿਆਸ ਅੰਦਰ ਛੱਡਿਆ ਜਾ ਰਿਹਾ ਹੈ। ਪਰ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਟੀਮਾਂ ਲਗਾਤਾਰ ਪੂਰੀ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ। ਇਹ ਕਹਿਣਾ ਹੈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਈ.ਏ.ਐਸ ਦਲਵਿੰਦਰਜੀਤ ਸਿੰਘ ਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਟੀਮਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਸਮੂਚੇ ਜ਼ਿਲ੍ਹੇ ਦੇ ਸਕੂਲਾਂ ਅੰਦਰ ਕੋਈ ਆਮ ਛੁੱਟੀ ਨਹੀ ਹੈ।
ਦੱਸਣਯੋਗ ਹੈ ਕਿ ਬਾਰਿਸ਼ ਦੇ ਮੱਦੇਨਜ਼ਰ, ਜ਼ਿਲ੍ਹੇ ਦੇ ਰਾਵੀ ਅਤੇ ਬਿਆਸ ਬਿਲਕੁਲ ਨੇੜਲੇ ਕੁਝ ਸਕੂਲਾਂ ਵੱਲੋਂ ਛੁੱਟੀ ਦਾ ਐਲਾਨੀ ਗਈ ਹੈ। ਜਿਸ ਕਾਰਨ ਲੋਕਾਂ ਵਿੱਚ ਉਲਝਣ ਦਾ ਮਾਹੌਲ ਬਣਿਆ ਹੋਇਆ ਸੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਫ਼ੋਨ ‘ਤੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਫਿਲਹਾਲ ਕੋਈ ਆਮ ਛੁੱਟੀ ਨਹੀਂ ਘੋਸ਼ਿਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਲਗਾਤਾਰ ਨਜ਼ਰ ਰੱਖਣ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਦਰਿਆ ਕਿਨਾਰੇ ਸਥਿਤ ਇਲਾਕੇ ਦੇ ਸਕੂਲਾਂ ਅੰਦਰ ਪਾਣੀ ਭਰਿਆ ਹੈ ਸਿਰਫ਼ ਉੱਥੇ ਹੀ ਛੁੱਟੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਹੜ੍ਹ ਪ੍ਰਬੰਧਨ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਖ਼ਬਰ ਲਿਖੇ ਜਾਣ ਤੱਕ ਕੋਈ ਆਮ ਛੁੱਟੀ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ।