ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਰਿਜਰਵੇਸ਼ਨ ਪਾਲਿਸੀ ਦੀਆਂ ਧੱਜੀਆਂ ਉਡਾਉਣ ਦਾ ਡੱਟਵਾ ਵਿਰੋਧ।
ਪੰਜਾਬ ਦੇ ਬੀ.ਸੀ.ਵਰਗ ਨਾਲ ਵਿਤਕਰਾ ਬਰਦਾਸ਼ਤ ਨਹੀਂ- ਰਜਿੰਦਰ ਬਿੱਟਾ ਸਾਬਕਾ ਸੂਬਾ ਪ੍ਰਧਾਨ ਬੀਜੇਪੀ ਓਬੀਸੀ ਮੋਰਚਾ ਪੰਜਾਬ
ਭਰਤੀ ਇਸ਼ਤਿਹਾਰ ਸੋਧਣ ਉਪਰੰਤ ਨਵੇਂ ਸਿਰਿਉਂ ਜਾਰੀ ਕਰਨ ਦੀ ਕੀਤੀ ਮੰਗ।
ਗੁਰਦਾਸਪੁਰ, 21 ਅਗਸਤ 2025 (ਮੰਨਨ ਸੈਣੀ)। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼ ਵੱਲੋਂ ਮਲਟੀਪਰਪਜ਼ ਹੈਲਥ ਵਰਕਰ (ਮੇਲ) ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਪੱਛੜੇ ਵਰਗ ਨੂੰ ਬਣਦੀਆਂ ਰਿਜ਼ਰਵ ਪੋਸਟਾਂ ਦੇਣ ਸਮੇਂ ਪੰਜਾਬ ਦੇ ਪੱਛੜੇ ਵਰਗ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਬਿੱਟਾ ਸਾਬਕਾ ਸੂਬਾ ਪ੍ਰਧਾਨ ਬੀਜੇਪੀ ਓਬੀਸੀ ਮੋਰਚਾ ਪੰਜਾਬ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼ ਫਰੀਦਕੋਟ (ਭਰਤੀ ਸੈਲ) ਵੱਲੋਂ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀਆਂ 270 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ 91 ਪੋਸਟਾਂ ਬੈਕਲਾਗ ਅਤੇ 179 ਪੋਸਟਾਂ ਨਵੇਂ ਸਿਰਿਓਂ ਭਰਨ ਸਬੰਧੀ ਦਰਸਾਇਆ ਗਿਆ ਹੈ।
ਇਹਨਾਂ ਅਸਾਮੀਆਂ ਦੀ ਵੰਡ ਕਰਨ ਸਮੇਂ 91 ਪੋਸਟਾਂ ਵਿੱਚ 14 ਅਸਾਮੀਆਂ ਪੰਜਾਬ ਦੇ ਪੱਛੜੇ ਵਰਗ ਦੀਆਂ ਬਣਦੀਆਂ ਬੈਕਲਾਗ ਦੀਆਂ ਪੋਸਟਾਂ ਦਿੱਤੀਆਂ ਗਈਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ, ਪਰ ਨਵੇਂ ਸਿਰਿਓਂ ਭਰੀਆਂ ਜਾ ਰਹੀਆਂ 179 ਪੋਸਟਾਂ ਵਿੱਚ ਪੰਜਾਬ ਦੇ ਪੱਛੜੇ ਵਰਗ (ਬੀ.ਸੀ.) ਨੂੰ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਦੀਆਂ ਹਦਾਇਤਾਂ ਅਨੁਸਾਰ 12 % ਰਿਜ਼ਰਵੇਸ਼ਨ ਕੋਟਾ ਦੇਣ ਦੀ ਬਜਾਏ 10% ਰਿਜਰਵੇਸ਼ਨ ਦਿੱਤੀ ਗਈ ਹੈ, ਜਦੋਂ ਕਿ 12% ਦੇ ਹਿਸਾਬ ਨਾਲ ਕੁੱਲ ਪੋਸਟਾਂ 22 ਬਣਦੀਆਂ ਹਨ ਪਰੰਤੂ ਕੁੱਲ 18 ਪੋਸਟਾਂ ਗਈਆਂ ਹਨ। ਜਿਸ ਕਾਰਨ ਪੰਜਾਬ ਦੇ ਬੀ.ਸੀ. ਵਰਗ ਦੀਆਂ ਰਿਜ਼ਰਵ ਪੋਸਟਾਂ ਦਾ ਨੁਕਸਾਨ ਹੋ ਰਿਹਾ ਹੈ।
ਉਪਰੋਕਤਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਸਾਮੀਆਂ ਵਿੱਚ ਬੀ.ਸੀ. ਵਰਗ ਨੂੰ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਦੇ ਅਨੁਸਾਰ ਅਸਾਮੀਆਂ ਦੀ ਮੁੜ ਵੰਡ ਕਰਕੇ ਰਿਜ਼ਰਵੇਸ਼ਨ ਪਾਲਿਸੀ ਅਨੁਸਾਰ ਬਣਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਇਸ਼ਤਿਹਾਰ ਨੂੰ ਮੁੜ ਸੋਧ ਕੇ ਦੁਬਾਰਾ ਨਵੇਂ ਸਿਰਿਉਂ ਜਾਰੀ ਕੀਤਾ ਜਾਵੇ । ਰਜਿੰਦਰ ਬਿੱਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਵਿਭਾਗਾਂ ਅਤੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਰਿਜ਼ਰਵੇਸ਼ਨ ਪਾਲਿਸੀ ਨੂੰ ਤੁਰੰਤ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ , ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦਾ ਸਮੁੱਚਾ ਓਬੀਸੀ ਵਰਗ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗਾ।