ਕਿਹਾ ਆਮ ਲੋਕ ਅਤੇ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਲੋਕਾਂ ਦੇ ਮਸਲੇ ਦਾ ਹੱਲ।
ਗੁਰਦਾਸਪੁਰ, 12 ਅਗਸਤ 2025 (ਮੰਨਨ ਸੈਣੀ)। ਗੁਰਦਾਸਪੁਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਨੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਕੀਤਾ ਹੋਇਆ ਸੀ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੂੜਾ ਪ੍ਰਬੰਧਨ ਲਈ ਕੋਈ ਢੁਕਵੀਂ ਥਾਂ ਨਹੀਂ ਸੀ। ਸ਼ਹਿਰ ਦੀਆਂ ਸੜਕਾਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਫੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਸੀ।
ਇਸ ਵੱਡੀ ਸਮੱਸਿਆ ਨੂੰ ਵੇਖਦਿਆਂ ‘ਆਮ ਆਦਮੀ ਪਾਰਟੀ’ ਦੇ ਜ਼ਿਲ੍ਹਾ ਟਰੇਡ ਵਿੰਗ ਦੇ ਇੰਚਾਰਜ ਸਿਮਰਜੀਤ ਸਿੰਘ ਸਾਬ ਨੇ ਅੱਗੇ ਆ ਕੇ ਇੱਕ ਮਿਸਾਲੀ ਕਦਮ ਚੁੱਕਿਆ ਹੈ। ਉਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਕੂੜਾ ਸਾਂਭਣ ਵਾਸਤੇ ਆਪਣੀ ਨਿੱਜੀ ਜ਼ਮੀਨ ਮੁਹੱਈਆ ਕਰਵਾਈ ਹੈ। ਹਾਲਾਕਿ ਇਸ ਸੰਬੰਧੀ ਵੱਖ ਵੱਖ ਪਾਰਟੀਆਂ ਦੇ ਆਗੂਆ ਵੱਲੋਂ ਰਾਜਨੀਤੀ ਪੂਰੀ ਤਰ੍ਹਾਂ ਕੀਤੀ ਗਈ। ਪਰ ਹੱਲ ਮੁੜ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੱਢਿਆ ਗਿਆ।

ਸਿਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਸ਼ਹਿਰ ਵਿੱਚ ਫੈਲ ਰਹੀ ਬਦਬੂ ਅਤੇ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਜ਼ਮੀਨ ਚਾਰ ਤੋਂ ਪੰਜ ਮਹੀਨੇ ਤੱਕ ਕੂੜਾ ਸਾਂਭਣ ਲਈ ਵਰਤੀ ਜਾਵੇਗੀ। ਇਸ ਤੋਂ ਬਾਅਦ ਇਸ ਕੂੜੇ ਨੂੰ ‘ਡੀ-ਕੰਪੋਜ਼’ (de-compose) ਕੀਤਾ ਜਾਵੇਗਾ ਤਾਂ ਜੋ ਵਾਤਾਵਰਨ ‘ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮਹਿਜ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਇੱਕ ਨਾਗਰਿਕ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਦੀ ਭਲਾਈ ਲਈ ਕੰਮ ਕਰੇ। ਸਿਮਰਜੀਤ ਸਿੰਘ ਦਾ ਇਹ ਕਦਮ ਦਰਸਾਉਂਦਾ ਹੈ ਕਿ ਜਨਤਕ ਸੇਵਾ ਲਈ ਸਿਰਫ ਅਹੁਦੇ ਦੀ ਨਹੀਂ, ਬਲਕਿ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਹੋਣੀ ਜ਼ਰੂਰੀ ਹੈ। ਉਨ੍ਹਾਂ ਦੇ ਇਸ ਯਤਨ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।