ਗੁਰਦਾਸਪੁਰ, 9 ਅਗਸਤ 2025 (ਮੰਨਨ ਸੈਣੀ)। ਜੇਲ੍ਹ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਰੱਖੜੀ ਦਾ ਤਿਉਹਾਰ ਬੜੇ ਭਾਵੁਕ ਮਾਹੌਲ ਵਿੱਚ ਮਨਾਇਆ ਗਿਆ। ਜੇਲ੍ਹ ਸੁਪਰਡੈਂਟ ਰਾਹੁਲ ਰਾਜਾ ਦੀ ਨਿਗਰਾਨੀ ਹੇਠ, ਸੈਂਕੜੇ ਭੈਣਾਂ ਨੂੰ ਆਪਣੇ ਕੈਦੀ ਅਤੇ ਹਵਾਲਾਤੀ ਭਰਾਵਾਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ। ਇਸ ਖਾਸ ਮੌਕੇ ‘ਤੇ ਭੈਣਾਂ ਨੇ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਅਤੇ ਸਰਕਾਰ ਦਾ ਧੰਨਵਾਦ ਕੀਤਾ।

ਜੇਲ੍ਹ ਸੁਪਰਡੈਂਟ ਰਾਹੁਲ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਇਸ ਮਿਲਣੀ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਇਸ ਦੇ ਨਾਲ ਹੀ, ਭੈਣਾਂ ਅਤੇ ਭਰਾਵਾਂ ਲਈ ਮਿਠਾਈ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਿਲਣੀ ਜੇਲ੍ਹ ਦੀ ਡਿਓਢੀ ਅੰਦਰ ਪੂਰੀ ਦੇਖ-ਰੇਖ ਹੇਠ ਕਰਵਾਈ ਗਈ।
ਸੁਪਰਡੈਂਟ ਰਾਜਾ ਅਨੁਸਾਰ, ਇਹ ਮਿਲਣੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ, ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।