ਦੀਨਾਨਗਰ, 6 ਅਗਸਤ 2025 (ਮੰਨਨ ਸੈਣੀ)। ਦੀਨਾਨਗਰ ਵਿੱਚ ਐਗਰੀਕਲਚਰ ਗ੍ਰੇਡ ਨਿੰਮ ਕੋਟੇਡ ਯੂਰੀਆ ਦੀ ਕਥਿਤ ਉਦਯੋਗਿਕ ਵਰਤੋਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਇੱਕ ਫਰਮ, ਮੈਸਰਜ਼ ਵੀ.ਆਰ.ਵੀ. ਹੌਸਪਿਟੈਲਿਟੀ ਪ੍ਰਾਈਵੇਟ ਲਿਮਿਟਿਡ, ਪਿੰਡ ਚੱਕ ਅਲੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ, ਗੁਰਦਾਸਪੁਰ ਅਮਰੀਕ ਸਿੰਘ ਵੱਲੋਂ ਥਾਣਾ ਦੀਨਾਨਗਰ ਨੂੰ ਭੇਜੇ ਪੱਤਰ ਨੰਬਰ 11083 ਮਿਤੀ 05-08-2025 ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਪ ਮੰਡਲ ਮੈਜਿਸਟ੍ਰੇਟ ਦੀਨਾਨਗਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਮੈਂਬਰਾਂ ਦੀ ਟੀਮ ਨੇ ਚੱਕ ਅਲੀਆ ਸਥਿਤ ਉਕਤ ਫਰਮ ਦੀ ਜਾਂਚ ਕੀਤੀ।
ਜਾਂਚ ਦੌਰਾਨ ਇਹ ਪਾਇਆ ਗਿਆ ਕਿ ਖੇਤੀਬਾੜੀ ਲਈ ਨਿਰਧਾਰਿਤ ਨਿੰਮ ਕੋਟੇਡ ਯੂਰੀਆ ਦੀ ਵਰਤੋਂ ਉਦਯੋਗਿਕ ਉਦੇਸ਼ਾਂ ਲਈ ਕੀਤੀ ਜਾ ਰਹੀ ਸੀ। ਮੌਕੇ ਤੋਂ 45 ਕਿਲੋਗ੍ਰਾਮ ਦੇ 84 ਬੈਗ ਭਰੇ ਹੋਏ ਯੂਰੀਆ ਅਤੇ 200 ਖਾਲੀ ਬੈਗ ਬਰਾਮਦ ਹੋਏ। ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਇਨ੍ਹਾਂ ਨੂੰ ਸੀਲ ਕਰਕੇ ਜ਼ਬਤ ਕਰ ਲਿਆ ਗਿਆ।
ਇਸ ਮਾਮਲੇ ਵਿੱਚ ਕੰਪਨੀ ਦੇ ਐਮ.ਡੀ. ਰਾਹੁਲ ਗੰਭੀਰ ਖਿਲਾਫ 3(2)(d) Essential Commodities Act, 318(4), 3(5) BNS, 25, 35(1)(a) The Fertiliser Control Order ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।