ਗੁਰਦਾਸਪੁਰ, 6 ਅਗਸਤ 2025 (ਮੰਨਨ ਸੈਣੀ)। 16 ਜੁਲਾਈ ਨੂੰ ਗੁਰਦਾਸਪੁਰ ਦੇ ਮੇਨ ਬਾਜ਼ਾਰ ਦੀ ਗਿਆਨ ਹਲਵਾਈ ਵਾਲੀ ਗਲੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੋਂ ਚੋਰੀ ਦੀ ਘਟਨਾ ਵਾਪਰੀ। ਸ਼ਿਕਾਇਤਕਰਤਾ ਵਿਨੈ ਕੁਮਾਰ ਪੁੱਤਰ ਰਾਕੇਸ਼ ਕੁਮਾਰ, ਵਾਸੀ ਮਕਾਨ ਨੰਬਰ ਬੀ/147, ਮੁਹੱਲਾ ਦਾਰਾ ਸਲਾਮ, ਜੀ.ਟੀ. ਰੋਡ, ਬਟਾਲਾ ਨੇ ਦੱਸਿਆ ਕਿ ਉਹ ਆਪਣੀ ਸੁਨਿਆਰੇ ਦੀ ਦੁਕਾਨ ‘ਤੇ ਕੰਮ ਕਰਦਾ ਹੈ।
ਘਟਨਾ ਵਾਲੇ ਦਿਨ ਸਵੇਰੇ ਕਰੀਬ 11:00 ਵਜੇ, ਵਿਨੈ ਆਪਣੀ ਦੁਕਾਨ ਦੇ ਨਾਲ ਲੱਗਦੀ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਬਣਾਉਣ ਲਈ ਸੋਨਾ ਲੈਣ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਦੁਕਾਨ ਵਿੱਚ ਪਿਆ ਬੈਗ ਗਾਇਬ ਸੀ। ਬੈਗ ਵਿੱਚ ਚਾਂਦੀ ਦੀਆਂ ਚੇਨਾਂ, 6 ਗ੍ਰਾਮ ਸੋਨਾ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ।
ਵਿਨੈ ਨੇ ਦੱਸਿਆ ਕਿ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਕੋਈ ਅਣਪਛਾਤਾ ਵਿਅਕਤੀ ਉਸਦਾ ਬੈਗ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਪੁਲਿਸ ਨੇ ਵਿਨੈ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਬੀਐਨਐਸ ਦੀ ਧਾਰਾ 305 ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।