ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, 509 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗ੍ਰਿਫਤਾਰ
ਗੁਰਦਾਸਪੁਰ,24 ਜੁਲਾਈ 2025 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 509 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਰਜਿੰਦਰ ਸਿੰਘ ਮਨਹਾਸ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਦੀਨਾਨਗਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸ੍ਰੀ ਅਦਿੱਤਿਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਦੋਰਾਂਗਲਾ ਦੀ ਪੁਲਿਸ ਟੀਮ ਵੱਲੋਂ ਗਸ਼ਤ ਦੌਰਾਨ ਦਾਣਾ ਮੰਡੀ ਆਲੀ ਨੰਗਲ ਤੋਂ ਸ਼ੱਕ ਦੀ ਬਿਨਾਂਹ ਤੇ ਮੁਲਾਜ਼ਮ ਸਹਿਜਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦੀਆਂ ਥਾਣਾ ਦੋਰਾਂਗਲਾ ਨੂੰ ਕਾਬੂ ਕਰਕੇ ਉਸਦੇ ਕਬਜੇ ਵਿਚੋਂ 509 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਜਿਸ ਦੇ ਖਿਲਾਫ ਥਾਣਾ ਦੋਰਾਂਗਲਾ ਦਰਜ ਰਜਿਸਟਰ ਕੀਤਾ ਗਿਆ।
ਮੁਲਜ਼ਮ ਸਹਿਜਪ੍ਰੀਤ ਸਿੰਘ ਉਕਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਉਸਦੇ ਭਰਾ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦੀਆਂ ਥਾਣਾ ਦੋਰਾਂਗਲਾ ਅਤੇ ਕਰਨਵੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂਵਡਾਲਾ ਥਾਣਾ ਕਲਾਨੌਰ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਸੀ, ਜੋ ਇਹਨਾਂ ਨੇ ਡੰਗਰਾਂ ਵਾਲੀ ਹਵੇਲੀ ਵਿੱਚ ਦੱਬਾ ਕੇ ਰੱਖੀ ਸੀ। ਕਰੀਬ 7/8 ਦਿਨ ਪਹਿਲਾਂ ਮੁਲਜ਼ਮ ਸਹਿਜਪ੍ਰੀਤ ਸਿੰਘ ਆਪਣੇ ਭਰਾ ਸੁਖਪ੍ਰੀਤ ਸਿੰਘ ਨਾਲ ਮੁਲਾਕਾਤ ਲਈ ਕੇਂਦਰੀ ਜੇਲ ਗੁਰਦਾਸਪੁਰ ਗਿਆ ਤੇ ਉਸਦੇ ਭਰਾ ਸੁਖਪ੍ਰੀਤ ਸਿੰਘ ਨੇ ਉਸਨੂੰ ਕਿਹਾ ਕਿ 23 ਜੁਲਾਈ ਨੂੰ ਤੇਰੇ ਕੋਲ ਪਿੰਡ ਆਲੀ ਨੰਗਲ ਫੋਕਲ ਪੁਆਇੰਟ ਤੇ ਇੱਕ ਵਿਅਕਤੀ ਮੋਟਰਸਾਈਕਲ ਤੇ ਆਵੇਗਾ ਤੇ ਮੇਰੇ ਵੱਲੋਂ ਆਪਣੀ ਪਹਿਚਾਣ ਦੱਸੇਗਾ ਤੇ ਤੂੰ ਉਸ ਨੂੰ ਪੈਕਟ ਹੈਰੋਇਨ ਦੇ ਦਈ। ਜਿਸਤੇ ਆਪਣੇ ਭਰਾ ਦੇ ਕਹਿਣ ਮੁਤਾਬਿਕ ਸਹਿਜਪ੍ਰੀਤ ਸਿੰਘ ਇਹ ਪੈਕਟ ਆਪਣੇ ਭਰਾ ਵੱਲੋਂ ਦੱਸੇ ਵਿਅਕਤੀ ਨੂੰ ਦੇਣ ਲਈ ਦਾਣਾ ਮੰਡੀ ਪਿੰਡ ਆਲੀ ਨੰਗਲ ਵਿਖੇ ਇੰਤਜਾਰ ਕਰ ਰਿਹਾ ਸੀ, ਜਿਸਨੂੰ ਪੁਲਿਸ ਵੱਲੋਂ ਪੈਕਟ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਜਿਸਤੇ ਸਹਿਜਪ੍ਰੀਤ ਸਿੰਘ ਦੇ ਫਰਦ ਇੰਕਸ਼ਾਫ ਤੇ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦੀਆਂ ਥਾਣਾ ਦੋਰਾਂਗਲਾ ਅਤੇ ਕਰਨਵੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂਵਡਾਲਾ ਥਾਣਾ ਕਲਾਨੌਰ ਨੂੰ ਇਸ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ।
ਮੁਲਜ਼ਮ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਇਸ ਵਕਤ ਅਸਲਾ ਐਕਟ ਤਹਿਤ ਥਾਣਾ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਬੰਦ ਹਨ। ਜਿਹਨਾਂ ਨੂੰ ਪ੍ਰਡੈਕਸ਼ਨ ਵਰੰਟ ਤੇ ਲਿਆ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।