Close

Recent Posts

ਪੰਜਾਬ

ਸੰਵਿਧਾਨ ਖ਼ਤਰੇ ਵਿੱਚ, ਪੰਜਾਬ ਘੇਰਾਬੰਦੀ ਵਿੱਚ: ਬਾਜਵਾ

ਸੰਵਿਧਾਨ ਖ਼ਤਰੇ ਵਿੱਚ, ਪੰਜਾਬ ਘੇਰਾਬੰਦੀ ਵਿੱਚ: ਬਾਜਵਾ
  • PublishedJuly 19, 2025

ਮੋਗਾ/ਪੱਟੀ, 19 ਜੁਲਾਈ  (ਦੀ ਪੰਜਾਬ ਵਾਇਰ)– ਕਾਂਗਰਸ ਦੀ ਅਗਵਾਈ ‘ਚ ਸ਼ੁੱਕਰਵਾਰ ਨੂੰ ਮੋਗਾ ਅਤੇ ਪੱਟੀ ‘ਚ ਸੰਵਿਧਾਨ ਬਚਾਓ ਰੈਲੀ ਕੀਤੀ, ਜਿਸ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਅਤੇ ‘ਆਪ’ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ।

ਉਤਸ਼ਾਹਿਤ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਐਲਾਨ ਕੀਤਾ ਕਿ ਅੱਜ ਸੰਵਿਧਾਨ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਭਾਜਪਾ ਉਸ ਦਸਤਾਵੇਜ਼ ਨੂੰ ਦੁਬਾਰਾ ਲਿਖਣਾ ਚਾਹੁੰਦੀ ਹੈ ਜਿਸ ਨੇ ਗਰੀਬਾਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਨੂੰ ਅਧਿਕਾਰ ਅਤੇ ਸਨਮਾਨ ਦਿੱਤਾ। ਅਤੇ ਪੰਜਾਬ ਵਿੱਚ ‘ਆਪ’ ਭਾਜਪਾ ਦੇ ਨਾਲ ਦੂਜੀ ਭੂਮਿਕਾ ਨਿਭਾ ਰਹੀ ਹੈ- ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਬਚਾਉਣ ਦੇ ਨਾਲ-ਨਾਲ ਸੂਬੇ ਨੂੰ ਲੁੱਟ ਰਹੀ ਹੈ।

ਉਨ੍ਹਾਂ ਨੇ ਭਾਜਪਾ ‘ਤੇ ਰਾਸ਼ਟਰੀ ਸੰਸਥਾਵਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਈਡੀ ਅਤੇ ਸੀਬੀਆਈ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਹਰ ਏਜੰਸੀ ਹੁਣ ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਹਥਿਆਰ ਬਣ ਗਈ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ, ਡੀਕੇ ਸ਼ਿਵਕੁਮਾਰ ਅਤੇ ਭੁਪੇਸ਼ ਬਘੇਲ ਵਰਗੇ ਕਾਂਗਰਸੀ ਆਗੂਆਂ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਹ ਭਾਜਪਾ ਦੀ ਤਾਨਾਸ਼ਾਹੀ ਨੂੰ ਚੁਣੌਤੀ ਦਿੰਦੇ ਹਨ, ਪਰ ਕਾਂਗਰਸ ਵਰਕਰ ਮਨੋਬਲ ਨਹੀਂ ਗੁਆਉਂਦੇ। ਇਸ ਰੈਲੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਪ੍ਰਮੁੱਖ ਕਾਂਗਰਸੀ ਆਗੂ ਵੀ ਸ਼ਾਮਲ ਹੋਏ।

ਆਗੂਆਂ ਨੇ ਸਮੂਹਿਕ ਤੌਰ ‘ਤੇ ਚੇਤਾਵਨੀ ਦਿੱਤੀ ਕਿ ‘ਆਪ’ ਅਤੇ ਭਾਜਪਾ ਦੋਵੇਂ ਦੋਹਰਾ ਖ਼ਤਰਾ ਹਨ- ਇਕ ਸੰਵਿਧਾਨ ਲਈ ਅਤੇ ਦੂਜਾ ਪੰਜਾਬ ਦੀ ਸ਼ਾਂਤੀ ਲਈ।

ਬਾਜਵਾ ਨੇ ਦਲਿਤ ਅਧਿਕਾਰਾਂ ਬਾਰੇ ਕਈ ਚਿੰਤਾਵਾਂ ਵੀ ਰੱਖੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤ ਮਾਣ ਦੀ ਗੱਲ ਕਰਦੀ ਹੈ ਪਰ ਉਸ ਦੀਆਂ ਕਾਰਵਾਈਆਂ ਇਕ ਵੱਖਰੀ ਕਹਾਣੀ ਬਿਆਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹੱਥੀਂ ਸਫਾਈ ਕਰਨ ਨਾਲ ਹੋਣ ਵਾਲੀਆਂ ਮੌਤਾਂ ਜਾਰੀ ਹਨ, ਜਨਤਕ ਖੇਤਰ ਦੇ ਨਿੱਜੀਕਰਨ ਨਾਲ ਰਾਖਵੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਅਤੇ ਦੇਸ਼ ਭਰ ‘ਚ ਜਾਤੀ ਆਧਾਰਿਤ ਹਿੰਸਾ ਵਧ ਰਹੀ ਹੈ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਐਸਸੀ/ਐਸਟੀ ਅੱਤਿਆਚਾਰ ਵਧ ਰਹੇ ਹਨ ਜਦਕਿ ਸਜ਼ਾ ਦੀ ਦਰ ਘੱਟ ਰਹੀ ਹੈ।

ਪੰਜਾਬ ਦੇ ਮੋਰਚੇ ‘ਤੇ ਬਾਜਵਾ ਨੇ ਕਾਨੂੰਨ ਵਿਵਸਥਾ ‘ਤੇ ‘ਆਪ’ ਸਰਕਾਰ ਦੀ ਕਥਿਤ ਅਸਫਲਤਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਇਹ ਸਰਕਾਰ ਅਸਫਲ ਰਹੀ ਹੈ। ਸਿੱਧੂ ਮੂਸੇਵਾਲਾ ਦਾ ਕਤਲ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੀਆਂ ਈਮੇਲਾਂ ਆਮ ਗੱਲ ਬਣ ਗਈਆਂ ਹਨ। ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਜੇਲ੍ਹ ਤੋਂ ਸ਼ੋਅ ਚਲਾ ਰਹੇ ਹਨ ਅਤੇ ਮਾਨ ਦੀ ਸਰਕਾਰ ਕਿਤੇ ਵੀ ਨਜ਼ਰ ਨਹੀਂ ਆ ਰਹੀ।

ਆਪ’ ਨੂੰ ‘ਭਾਜਪਾ ਦੀ ਬੀ-ਟੀਮ’ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਇਕੋ ਸੰਵਿਧਾਨ ਵਿਰੋਧੀ ਸਿੱਕੇ ਦੇ ਦੋ ਪਹਿਲੂ ਹਨ।

Written By
The Punjab Wire