ਭਗਤਾਂ ਵਾਲਾ ਡੰਪ ਦਾ ਕੂੜਾ ਚੁੱਕਣ ਲਈ ਕੰਪਨੀ ਨੂੰ ਦਿੱਤਾ 15 ਮਹੀਨਿਆਂ ਦਾ ਸਮਾਂ – ਡਾਕਟਰ ਨਿੱਜਰ
36 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਹੋਵੇਗਾ ਭਗਤਾਂ ਵਾਲੇ ਦਾ ਡੰਪ
ਇਲਾਕੇ ਦੀ ਸਫਾਈ ਅਤੇ ਸਿਹਤ ਲਈ ਚੁੱਕਿਆ ਪੰਜਾਬ ਸਰਕਾਰ ਨੇ ਵੱਡਾ ਕਦਮ
ਅੰਮ੍ਰਿਤਸਰ, 12 ਜੁਲਾਈ 2025 (ਦੀ ਪੰਜਾਬ ਵਾਇਰ)। ਅੰਮ੍ਰਿਤਸਰ ਦੇ ਭਗਤਾਂਵਾਲਾ ਡੰਪ ਸਾਈਟ ’ਤੇ ਪਿਛਲੇ ਕਈ ਸਾਲਾਂ ਤੋਂ ਇਕੱਠਾ ਹੋ ਰਿਹਾ 11 ਲੱਖ ਮੈਟ੍ਰਿਕ ਟਨ ਕੂੜਾ ਹੁਣ ਸਦਾ ਲਈ ਹਟਾਇਆ ਜਾ ਰਿਹਾ ਹੈ। ਇਹ ਗੱਲ ਅੱਜ ਇਥੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਦੇ ਹੋਏ ਕਿਹਾ ਕਿ ਇਸ ਕੰਮ ਲਈ ਨਗਰ ਨਿਗਮ ਵੱਲੋਂ ₹46.34 ਕਰੋੜ ਦੀ ਲਾਗਤ ਨਾਲ ਬਾਇਓਰੈਮੀਡੈਸ਼ਨ ਪ੍ਰਕਿਰਿਆ ਦੀ ਟੈਂਡਰਿੰਗ ਕਰਵਾਈ ਗਈ ਹੈ। ਉਹਨਾਂ ਨੂੰ ਦੱਸਿਆ 4 ਜੁਲਾਈ ਨੂੰ ਟੈਕਨੀਕਲ ਬਿਡ ਖੋਲੀ ਗਈ ਜਿਸ ਵਿੱਚ 4 ਕੰਪਨੀਆਂ ਨੇ ਭਾਗ ਲਿਆ ਅਤੇ ਕੱਲ ਫਾਇਨੈਂਸ਼ੀਅਲ ਬਿਡ ਖੋਲ੍ਹਣ ਉਪਰੰਤ ਮੇਸਰਜ਼ ਇਕੋਰੇਸਟ੍ਰੈਨ ਇੰਫਰਾ ਕੰਪਨੀ ਵੱਲੋਂ ਸਭ ਤੋਂ ਘੱਟ ₹36.53 ਕਰੋੜ ਦੀ ਬਿਡ ਦੇ ਕੇ ਇਹ ਕੰਮ ਹਾਸਲ ਕੀਤਾ ਗਿਆ, ਜੋ ਕਿ ਅੰਦਾਜਨ ਲਾਗਤ ਤੋਂ 21% ਘੱਟ ਹੈ। ਉਹਨਾਂ ਨੇ ਦੱਸਿਆ ਕਿ ਇਹ ਕੂੜਾ ਹਟਾਉਣ ਲਈ ਕੰਪਨੀ ਨੂੰ 15 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਹੁਣ ਇਹ ਟੈਂਡਰ ਲੋਕਲ ਬਾਡੀ ਵਿਭਾਗ ਦੀ ਚੀਫ ਇੰਜੀਨੀਅਰ ਕਮੇਟੀ ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ, ਜਿਸ ਦੀ ਪੁਸ਼ਟੀ ਤੋਂ ਬਾਅਦ ਨਗਰ ਨਿਗਮ ਵੱਲੋਂ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ।
ਡਾ. ਨਿੱਜਰ ਨੇ ਦੱਸਿਆ ਕਿ ਕੰਪਨੀ ਨੂੰ 15 ਮਹੀਨੇ ਦੀ ਮਿਆਦ ਵਿੱਚ ਪੂਰਾ ਕੰਮ ਨਿਭਾਉਣਾ ਹੋਵੇਗਾ, ਜਿਸ ਤੋਂ ਬਾਅਦ ਭਗਤਾਂਵਾਲਾ ਸਾਈਟ ਕੂੜੇ ਤੋਂ ਮੁਕਤ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕੂੜੇ ਦੀ ਸੰਭਾਲ, ਪਰਿਵਾਹਨ, ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਵੱਖ-ਵੱਖ ਦੋ ਹੋਰ ਟੈਂਡਰ ਵੀ ਲਗਾਏ ਗਏ ਹਨ, ਜੋ ਕਿ ਸ਼ਹਿਰ ਦੀਆਂ 41 ਵਾਰਡਾਂ ਅਤੇ 44 ਵਾਰਡਾਂ ਦੀ ਸਫਾਈ ਸੰਭਾਲਣਗੇ। ਇਹ ਬਿਡਾਂ ਵੀ ਜਲਦੀ ਹੀ ਖੋਲ੍ਹੀਆਂ ਜਾਣਗੀਆਂ।
ਡਾ. ਨਿੱਜਰ ਨੇ ਕਿਹਾ ਬਹੁਤ ਸਰਕਾਰਾਂ ਆਈਆਂ, ਚੋਣਾਂ ਜਿੱਤਣ ਲਈ ਵਾਅਦੇ ਕੀਤੇ ਪਰ ਕਿਸੇ ਨੇ ਇਹ ਮਾਮਲਾ ਹੱਲ ਨਹੀਂ ਕੀਤਾ ਪਰ ਮੈਂ ਸ਼ੁਰੂ ਤੋਂ ਹੀ ਇਸ ਕੰਮ ਨੂੰ ਲੈ ਕੇ ਵਚਨਬੱਧ ਰਿਹਾ ਅਤੇ ਅੱਜ ਉਸ ਵਚਨ ਦੀ ਪੂਰੀ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨਾਂ ਕਿਹਾ ਕਿ ਹੁਣ ਜਲਦੀ ਹੀ ਮਸ਼ੀਨਰੀ ਆ ਕੇ ਡੰਪ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰੇਗੀ।ਇਹ ਸਿਰਫ਼ ਸਫਾਈ ਨਹੀਂ, ਇਹ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਦੀ ਰੱਖਿਆ ਵੱਲ ਇੱਕ ਵੱਡਾ ਕਦਮ ਹੈ।