Close

Recent Posts

ਸਿਹਤ ਪੰਜਾਬ

ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ: ਸਿਹਤ ਮੰਤਰੀ ਵੱਲੋਂ ਆਪਣੇ ਕੈਬਨਿਟ ਸਾਥੀਆਂ ਦੇ ਘਰਾਂ ਦਾ ਨਿਰੀਖਣ, ਡੇਂਗੂ ਨਾਲ ਲੜਨ ਲਈ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ

ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ: ਸਿਹਤ ਮੰਤਰੀ ਵੱਲੋਂ ਆਪਣੇ ਕੈਬਨਿਟ ਸਾਥੀਆਂ ਦੇ ਘਰਾਂ ਦਾ ਨਿਰੀਖਣ, ਡੇਂਗੂ ਨਾਲ ਲੜਨ ਲਈ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ
  • PublishedJuly 11, 2025

ਡੇਂਗੂ ਨੂੰ ਹਰਾਉਣ ਲਈ ਵੱਡੇ ਪੱਧਰ ਤੇ ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ: ਡਾ. ਬਲਬੀਰ ਸਿੰਘ

ਚੰਡੀਗੜ੍ਹ, 11 ਜੁਲਾਈ 2025 (ਦੀ ਪੰਜਾਬ ਵਾਇਰ)–  ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਹਰ ਸ਼ੁੱਕਰਵਾਰ ਡੇਂਗੂ ਤੇ ਵਾਰਦੇ ਹਿੱਸੇ ਵਜੋਂ ਆਪਣੇ ਕੈਬਨਿਟ ਸਾਥੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਰਿਹਾਇਸ਼ਾਂ ਦਾ ਨਿਰੀਖਣ ਕੀਤਾ। ਇਸ ਮੁਹਿੰਮ ਦੌਰਾਨ ਡੈਜ਼ਰਟ ਕੂਲਰਾਂ, ਫੁੱਲਾਂ ਦੇ ਗਮਲਿਆਂ ਅਤੇ ਪੰਛੀਆਂ ਲਈ ਪਾਣੀ ਦੇ ਕੰਟੇਨਰਾਂ ਆਦਿ ਵਿੱਚ ਮੱਛਰ ਦੇ ਲਾਰਵੇ ਦੀ ਮੌਜੂਦਗੀ ਦਾ ਪਤਾ ਲੱਗਿਆ, ਜਿਸ ਤੋਂ ਇਸਦੇ ਤੁਰੰਤ ਰੋਕਥਾਮ ਦੀ ਲੋੜ ਮਹਿਸੂਸ ਕੀਤੀ ਗਈ।

ਡਾ. ਬਲਬੀਰ ਸਿੰਘ ਨੇ ਮੱਛਰਾਂ ਦੇ ਪ੍ਰਜਨਨ ਸਰੋਤਾਂ ਨੂੰ ਖਤਮ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਡੇਂਗੂ ਕਰਕੇ ਬਲੀਡਿੰਗ (ਹੈਮੋਰਹੈਜਿਕ) ਦੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਹ ਬਹੁਤ ਹੀ ਘਾਤਕ ਬਣ ਸਕਦਾ ਹੈ, ਜਿਸ ਨਾਲ ਸਿਹਤ ਸੰਬਧੀ ਗੰਭੀਰ ਪੇਚੀਦਗੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਸਮੂਹਿਕ ਯਤਨ ਇਸਦੇ ਫੈਲਾਅ ਨੂੰ ਰੋਕ ਸਕਦੇ ਹਨ। ਉਨ੍ਹਾਂ ਨੇ ਪੰਜਾਬ ਨੂੰ ਡੇਂਗੂ ਮੁਕਤ ਬਣਾਉਣ ਲਈ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ, ਮੰਤਰੀਆਂ, ਵਿਰੋਧੀ ਧਿਰ ਦੇ ਨੇਤਾ ਅਤੇ ਲੋਕਾਂ ਨੂੰ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ।

ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਸਾਰਿਆਂ ਨੂੰ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਅਤੇ ਇਸ ਨੇਕ ਕਾਰਜ ਕੰਮ ਵਿੱਚ ਸਹਿਯੋਗ ਦੇਣ ਲਈ ਲੋਕਾਂ ਨੂੰ ਲਾਮਬੰਦ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਪਿੰਡ ਅਤੇ ਮੁਹੱਲੇ ਦੀਆਂ ਸਿਹਤ ਕਮੇਟੀਆਂ ਹਰ ਸ਼ੁੱਕਰਵਾਰ ਸਵੇਰੇ 9 ਤੋਂ 10 ਵਜੇ ਤੱਕ ਘਰਾਂ ਦਾ ਨਿਰੀਖਣ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੱਛਰ ਦਾ ਕੋਈ ਵੀ ਲਾਰਵਾ ਬਚਿਆ ਨਾ ਰਹੇ।

ਡਾ. ਬਲਬੀਰ ਸਿੰਘ ਨੇ ਡੇਂਗੂ ਨੂੰ ਅਸਲ ਮਾਇਨਿਆਂ ਵਿੱਚ ਹਰਾਉਣ ਲਈ ਇਸ ਮੁਹਿੰਮ ਵਿੱਚ ਵੱਡੇ ਪੱਧਰ ਤੇ ਭਾਗੀਦਾਰੀ ਦੀ ਅਪੀਲ ਕੀਤੀ।  ਉਨ੍ਹਾਂ ਨੇ ਸਾਰਿਆਂ ਨੂੰ ਪਾਣੀ ਦੇ ਕੰਟੇਨਰਾਂ ਨੂੰ ਢੱਕਣ, ਕੂਲਰਾਂ ਨੂੰ ਹਫ਼ਤਾਵਾਰੀ ਆਧਾਰ ਤੇ ਸਾਫ਼ ਕਰਨ ਅਤੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਦੀ ਸਲਾਹ ਦਿੱਤੀ।

ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਸਟੇਟ ਪ੍ਰੋਗਰਾਮ ਅਫ਼ਸਰ (ਐਨ.ਵੀ.ਬੀ.ਡੀ.ਸੀ.ਪੀ.) ਡਾ. ਅਰਸ਼ਦੀਪ ਕੌਰ ਅਤੇ ਹੋਰ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Written By
The Punjab Wire