Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਦਿਵਾਲੀ ਤੋਂ ਪਹਿਲਾਂ ਸਰਹੱਦੀ ਇਲਾਕੇ ‘ਚ ਲਗਾਤਾਰ ਫੜਿਆ ਜਾ ਰਿਹਾ ਅਸਲਾ: ਦੋ ਦਿਨਾਂ ‘ਚ ਗੁਰਦਾਸਪੁਰ ਤੇ ਬਟਾਲਾ ਖੇਤਰ ‘ਚੋਂ ਤਿੰਨ ਪਿਸਤੌਲ ਬਰਾਮਦ

ਦਿਵਾਲੀ ਤੋਂ ਪਹਿਲਾਂ ਸਰਹੱਦੀ ਇਲਾਕੇ ‘ਚ ਲਗਾਤਾਰ ਫੜਿਆ ਜਾ ਰਿਹਾ ਅਸਲਾ: ਦੋ ਦਿਨਾਂ ‘ਚ ਗੁਰਦਾਸਪੁਰ ਤੇ ਬਟਾਲਾ ਖੇਤਰ ‘ਚੋਂ ਤਿੰਨ ਪਿਸਤੌਲ ਬਰਾਮਦ
  • PublishedNovember 6, 2026

ਗੁਰਦਾਸਪੁਰ, 6 ਨਵੰਬਰ 2026 (ਮੰਨਨ ਸੈਣੀ)। ਦਿਵਾਲੀ ਦੇ ਤਿਉਹਾਰ ਤੋਂ ਐਨ ਪਹਿਲਾਂ ਹਿੰਦ-ਪਾਕ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਸਲੇ ਦੀ ਬਰਾਮਦਗੀ ਦੀਆਂ ਖ਼ਬਰਾਂ ਇੱਕ ਤੋਂ ਬਾਅਦ ਇੱਕ ਆ ਰਹੀਆਂ ਹਨ। ਪਿਛਲੇ ਦੋ ਦਿਨਾਂ ਵਿੱਚ ਤਿੰਨ ਪਿਸਤੌਲ ਫੜੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਵਿਦੇਸ਼ੀ ਬਣਤਰ ਦੇ ਹਨ। ਤਿੰਨ ਮੁਲਜ਼ਮ ਕਾਬੂ ਆਏ ਹਨ, ਪਰ ਇਨ੍ਹਾਂ ਬਰਾਮਦਗੀਆਂ ਨਾਲ ਇੱਕ ਵੱਡਾ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਹਥਿਆਰ ਕਿਸ ਮਕਸਦ ਲਈ ਇਕੱਠੇ ਕੀਤੇ ਜਾ ਰਹੇ ਸਨ। ਹਾਲਾਂਕਿ ਪੁਲਿਸ ਅਤੇ ਬੀਐਸਐਫ ਦੇ ਉਚ ਅਧਿਕਾਰੀਆਂ ਦਾ ਇਹੋਂ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਤਰੱਕ ਮੌਡ ਤੇ ਹਨ ਅਤੇ ਹਰ ਤਰੀਕੇ ਨਾਲ ਵਿਦੇਸ਼ੀ ਤਾਕਤਾ ਦਾ ਜਵਾਬ ਦੇਣ ਅੰਦਰ ਸਮਰੱਥ ਹਨ।

ਖੇਤਾਂ ‘ਚੋਂ ਮਿਲਿਆ ਚੀਨੀ ਪਿਸਤੌਲ, ਮਾਲਕ ਦਾ ਪਤਾ ਨਹੀਂ

5 ਨਵੰਬਰ ਨੂੰ ਬੀ.ਐੱਸ.ਐੱਫ਼ ਦੀ ਬੀ.ਓ.ਪੀ. ਚੋਟਰਾ ਦੀ ਪਾਰਟੀ ਨੇ ਪਿੰਡ ਵਾਰੀਰਪੁਰ ਅਫ਼ਗ਼ਾਨ ਨੇੜਲੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਕੈਲੀਬਰ-30 ਮਾਊਜ਼ਰ ਪਿਸਤੌਲ ਮੈਗਜ਼ੀਨ ਸਮੇਤ ਬਰਾਮਦ ਕੀਤਾ। ਇਹ ਹਥਿਆਰ ਕਿਸੇ ਵਿਅਕਤੀ ਕੋਲੋਂ ਨਹੀਂ, ਖੇਤਾਂ ਵਿੱਚੋਂ ਮਿਲਿਆ ਹੈ, ਇਸੇ ਕਰਕੇ ਥਾਣਾ ਦੋਰਾਂਗਲਾ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ, ਯਾਨੀ ਇਹ ਪਿਸਤੌਲ ਉੱਥੇ ਕਿਸ ਨੇ ਤੇ ਕਿਉਂ ਰੱਖਿਆ ਜਾਂ ਸੁੱਟਿਆ, ਇਹ ਸਵਾਲ ਅਜੇ ਜਵਾਬ ਉਡੀਕ ਰਿਹਾ ਹੈ।

ਡਰੋਨ ਦੇ ਪਾਰਸਲਾਂ ਦੀ ਭਾਲ ਦੌਰਾਨ ਦੋ ਕਾਬੂ

ਇਸੇ ਦਿਨ ਭਾਰਤੀ ਫ਼ੌਜ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਦੋ ਪਾਰਸਲਾਂ ਦੀ ਭਾਲ ਦੌਰਾਨ ਰਾਹੁਲਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਧਾਰੀਵਾਲ ਸੋਹੀਆਂ (ਥਾਣਾ ਸ੍ਰੀ ਹਰਗੋਬਿੰਦਪੁਰ), ਨੂੰ ਉਸ ਦੇ ਇੱਕ ਸਾਥੀ ਸਣੇ ਕਾਬੂ ਕੀਤਾ। ਪੁਲਿਸ ਨੇ ਇਨ੍ਹਾਂ ਕੋਲੋਂ ਆਸਟਰੀਆ ਦਾ ਬਣਿਆ ਗਲੌਕ 19X 9×19 ਪਿਸਤੌਲ, ਸੱਤ ਖ਼ਾਲੀ ਮੈਗਜ਼ੀਨ, ਦੋ ਮੋਬਾਈਲ ਫ਼ੋਨ (ਰੀਅਲਮੀ ਤੇ ਓਪੋ) ਅਤੇ ਇੱਕ ਟੀ.ਵੀ.ਐੱਸ. ਜੁਪੀਟਰ ਸਕੂਟਰ (PB-70-E-7052) ਬਰਾਮਦ ਕੀਤਾ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਵਾਯੂਯਾਨ ਅਧਿਨਿਯਮ 2024 ਦੀਆਂ ਧਾਰਾਵਾਂ 25/26/29 ਹੇਠ ਪਰਚਾ ਦਰਜ ਹੋਇਆ ਹੈ।

ਇਸ ਮਾਮਲੇ ਵਿੱਚ ਹਵਾਈ ਜਹਾਜ਼ਾਂ ਨਾਲ ਸਬੰਧਤ ਕਾਨੂੰਨ ਦੀਆਂ ਧਾਰਾਵਾਂ ਜੁੜਨਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਮਾਮਲਾ ਸਿਰਫ਼ ਅਸਲਾ ਰੱਖਣ ਦਾ ਨਹੀਂ, ਡਰੋਨ ਰਾਹੀਂ ਸਰਹੱਦ ਪਾਰੋਂ ਆਈ ਖੇਪ ਨਾਲ ਵੀ ਜੁੜਿਆ ਹੈ। ਪ੍ਰੈੱਸ ਨੋਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਦੋ ਪਾਰਸਲਾਂ ਵਿੱਚੋਂ ਹੁਣ ਤੱਕ ਕਿੰਨੇ ਮਿਲੇ ਹਨ ਜਾਂ ਉਨ੍ਹਾਂ ਵਿੱਚ ਹੋਰ ਕੀ ਸੀ।

ਦੋਰਾਂਗਲਾ ਪੁਲਿਸ ਨੇ ਇੱਕ ਦਿਨ ਪਹਿਲਾਂ ਫੜਿਆ ਸੀ ਇੱਕ ਮੁਲਜ਼ਮ

ਇਸ ਤੋਂ ਇੱਕ ਦਿਨ ਪਹਿਲਾਂ, 4 ਨਵੰਬਰ ਨੂੰ ਥਾਣਾ ਦੋਰਾਂਗਲਾ ਦੀ ਪੁਲਿਸ ਪਾਰਟੀ ਨੇ ਪਿੰਡ ਚਿੱਟੀ ਦੇ ਵਾਸੀ ਰਾਜਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਬਲਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇੱਕ ਪਿਸਤੌਲ ਮੈਗਜ਼ੀਨ ਸਮੇਤ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ ਥਾਣਾ ਦੋਰਾਂਗਲਾ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਹੇਠ ਪਰਚਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਬਰਾਮਦਗੀਆਂ ਦਾ ਮਤਲਬ ਕੀ?

ਤਿੰਨਾਂ ਮਾਮਲਿਆਂ ਨੂੰ ਇਕੱਠਿਆਂ ਦੇਖੀਏ ਤਾਂ ਕੁਝ ਗੱਲਾਂ ਧਿਆਨ ਖਿੱਚਦੀਆਂ ਹਨ। ਦੋ ਦਿਨਾਂ ਵਿੱਚ ਤਿੰਨ ਪਿਸਤੌਲ ਮਿਲੇ ਹਨ, ਤਿੰਨ ਵੱਖ-ਵੱਖ ਏਜੰਸੀਆਂ (ਬੀ.ਐੱਸ.ਐੱਫ਼, ਫ਼ੌਜ ਤੇ ਪੁਲਿਸ) ਦੀ ਕਾਰਵਾਈ ਨਾਲ। ਇਨ੍ਹਾਂ ਵਿੱਚੋਂ ਦੋ ਚੀਨ ਤੇ ਆਸਟਰੀਆ ਦੇ ਬਣੇ ਹਨ। ਇੱਕ ਮਾਮਲੇ ਦਾ ਸਿੱਧਾ ਸਬੰਧ ਡਰੋਨ ਨਾਲ ਹੈ, ਅਤੇ ਦੋਰਾਂਗਲਾ ਥਾਣੇ ਵਿੱਚ ਹੀ ਦੋ ਦਿਨਾਂ ਵਿੱਚ ਅਸਲਾ ਐਕਟ ਦੇ ਦੋ ਪਰਚੇ ਦਰਜ ਹੋਏ ਹਨ।

ਇਸ ਸਭ ਨੂੰ ਦੇਖਦਿਆਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕਿਤੇ ਅਸਮਾਜਿਕ ਅਨਸਰ ਤਿਉਹਾਰਾਂ ਦੇ ਦਿਨਾਂ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਤਾਂ ਨਹੀਂ। ਪਰ ਇਸ ਪੱਖ ਤੋਂ ਸੱਚ ਇਹੀ ਹੈ ਕਿ ਪੁਲਿਸ ਜਾਂ ਕਿਸੇ ਹੋਰ ਏਜੰਸੀ ਵੱਲੋਂ ਜਾਰੀ ਜਾਣਕਾਰੀ ਵਿੱਚ ਕਿਸੇ ਸਾਜ਼ਿਸ਼ ਦੀ ਪੁਸ਼ਟੀ ਨਹੀਂ ਹੋਈ। ਇਹ ਵੀ ਸਾਫ਼ ਨਹੀਂ ਕਿ ਇਹ ਤਿੰਨੇ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ ਜਾਂ ਨਹੀਂ। ਹਥਿਆਰ ਕਿਸ ਨੇ ਮੰਗਵਾਏ, ਕਿਸ ਲਈ ਮੰਗਵਾਏ ਅਤੇ ਅੱਗੇ ਕਿਸ ਨੂੰ ਪਹੁੰਚਣੇ ਸਨ, ਇਨ੍ਹਾਂ ਸਵਾਲਾਂ ਦੇ ਜਵਾਬ ਮੁਲਜ਼ਮਾਂ ਤੋਂ ਹੋਣ ਵਾਲੀ ਪੁੱਛਗਿੱਛ ਤੇ ਅਗਲੀ ਜਾਂਚ ਮਗਰੋਂ ਹੀ ਮਿਲ ਸਕਣਗੇ।

ਉਧਰ ਦੂਜੇ ਪਾਸੇ ਕੁਝ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਦੇਸ਼ ਦੀ ਸੁਰੱਖਿਆ ਏਜੰਸਿਆ ਅਤੇ ਪੰਜਾਬ ਦੀ ਪੁਲਿਸ ਵੱਲੋਂ ਇਨ੍ਹਾਂ ਅਸਮਾਜਿਕ ਤੱਤਾਂ ਤੇ ਬਾਰਿਕੀ ਨਾਲ ਨਜਰ ਰੱਖ ਰਹੀ ਹੈ ਅਤੇ ਆਮ ਜਨਤਾ ਦੀ ਜਾਨ ਮਾਨ ਦੀ ਸੁਰੱਖਿਆ ਉਨ੍ਹਾਂ ਲਈ ਸੱਭ ਤੋਂ ਉੱਤੇ ਹੌ। ਦੋਨੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਿਸੀ ਵੀ ਕੀਮਤ ਤੇ ਦੇਸ਼ ਵਿਰੋਧੀ ਤਾਕਤਾਂ ਦੇ ਅੰਜਾਮ ਨੂੰ ਸਿਰੇ ਨਹੀ ਚੜ੍ਹਨ ਦਿੱਤਾ ਜਾਵੇਗਾ।

Written By
The Punjab Wire