ਡਰੱਗ ਹੋਟ ਸਪੋਟ ਖੇਤਰਾਂ ਵਿੱਚ ਅਣਵਰਤੀਆਂ ਅਤੇ ਅਣਸੁਰੱਖਿਅਤ ਥਾਵਾਂ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ
ਗੁਰਦਾਸਪੁਰ, 4 ਨਵੰਬਰ 2026 (ਮੰਨਨ ਸੈਣੀ)। ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤੜਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ਼-ਸਫ਼ਾਈ ਕਰਨ ਤੋਂ ਇਲਾਵਾ ਇੱਥੇ ਸੀ.ਸੀ.ਟੀ.ਵੀ. ਕੈਮਰੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ। ਰਾਤ ਸਮੇਂ ਇਨ੍ਹਾਂ ਸਥਾਨਾਂ ‘ਤੇ ਗੈਰ ਸਮਾਜਿਕ ਅਨਸਰਾਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਇੱਥੇ ਬਹੁਤ ਜ਼ਿਆਦਾ ਘਾਹ-ਫੂਸ ਉੱਗਿਆ ਹੋਇਆ ਸੀ, ਜਿਸ ਦੀ ਸਾਫ਼-ਸਫ਼ਾਈ ਕਰਵਾ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚ ਨਸ਼ਿਆਂ ਦੀ ਸਮੱਸਿਆ ਹੈ, ਉਨ੍ਹਾਂ ਇਲਾਕਿਆਂ ‘ਚ ਲੋਕਾਂ ਨਾਲ ਗੱਲਬਾਤ ਕਰਕੇ ਨਸ਼ਿਆਂ ਦਾ ਪ੍ਰਕੋਪ ਖ਼ਤਮ ਕਰਨ ਲਈ ਉਨ੍ਹਾਂ ਦੀ ਲੋੜ ਅਨੁਸਾਰ ਬੁਨਿਆਦੀ ਸਹੂਲਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦਾ ਕੰਮ, ਸਟਰੀਟ ਲਾਈਟਾਂ ਦਾ ਕੰਮ, ਖੇਡ ਮੈਦਾਨਾਂ ਦੇ ਸੁਧਾਰ ਦਾ ਕੰਮ, ਸਪੋਰਟਸ ਕਿੱਟਾਂ ਵੰਡਣ ਦਾ ਕੰਮ ਆਦਿ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਤੇ ਡੀ.ਐੱਸ.ਪੀ. ਆਪਸੀ ਤਾਲਮੇਲ ਨਾਲ ਡਰੱਗ ਹੋਟ ਸਪੋਟ ਸਥਾਨਾਂ ‘ਤੇ ਸਖ਼ਤ ਨਿਗਰਾਨੀ ਰੱਖਣ। ਉਨ੍ਹਾਂ ਕਿਹਾ ਕਿ ਅਧਿਕਾਰੀ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਵਿਚਾਰ ਵੀ ਲੈਣ ਤੇ ਜੇਕਰ ਪਿੰਡ/ਸ਼ਹਿਰ ਵਿੱਚ ਕੋਈ ਵੀ ਖਾਲੀ ਬਿਲਡਿੰਗ ਜਾਂ ਸਥਾਨ ਨਸ਼ਿਆਂ ਦਾ ਅੱਡਾ ਬਣਿਆ ਹੋਇਆ ਹੈ ਤਾਂ ਉਸ ਲਈ ਸਬੰਧਤ ਵਿਭਾਗ/ਬੀ.ਡੀ.ਪੀ.ਓਜ਼ ਨਾਲ ਤਾਲਮੇਲ ਕਰਕੇ ਕਾਰਵਾਈ ਕੀਤੀ ਜਾਵੇ।