Close

Recent Posts

ਗੁਰਦਾਸਪੁਰ ਪੰਜਾਬ

ਪਿੰਡ ਅਗਵਾਣ ਦੇ ਸਰਪੰਚ ਨਿਰਮਲ ਸਿੰਘ ਨੇ 10 ਸਾਲਾਂ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, 70 ਏਕੜ ਵਿੱਚ ਸੁਪਰਸੀਡਰ ਨਾਲ ਕਰਦਾ ਹੈ ਕਣਕ ਦੀ ਬਿਜਾਈ

ਪਿੰਡ ਅਗਵਾਣ ਦੇ ਸਰਪੰਚ ਨਿਰਮਲ ਸਿੰਘ ਨੇ 10 ਸਾਲਾਂ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, 70 ਏਕੜ ਵਿੱਚ ਸੁਪਰਸੀਡਰ ਨਾਲ ਕਰਦਾ ਹੈ ਕਣਕ ਦੀ ਬਿਜਾਈ
  • PublishedNovember 3, 2026

ਖਰਚਾ ਘਟਿਆ, ਪੈਦਾਵਾਰ ਵਧੀ, ਧਰਤੀ ਦੀ ਉਪਜਾਊ ਸ਼ਕਤੀ ਵੀ ਬਣੀ ਰਹੀ; ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਗੁਰਦਾਸਪੁਰ, 3 ਨਵੰਬਰ 2026 (ਮੰਨਨ ਸੈਣੀ)। ਹਰ ਸਾਲ ਝੋਨੇ ਦੀ ਵਾਢੀ ਮਗਰੋਂ ਜਦੋਂ ਪੰਜਾਬ ਦੇ ਖੇਤਾਂ ਵਿੱਚੋਂ ਪਰਾਲੀ ਦੀ ਅੱਗ ਦਾ ਧੂੰਆਂ ਉੱਠਦਾ ਹੈ, ਤਾਂ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਇਸ ਦੇ ਉਲਟ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਅਗਵਾਣ ਦਾ ਸਰਪੰਚ ਨਿਰਮਲ ਸਿੰਘ ਪਿਛਲੇ 10 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਪਰਾਲੀ ਦੇ ਨਾੜ ਨੂੰ ਅੱਗ ਲਾਏ ਬਿਨਾਂ ਹੀ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ।

ਨਿਰਮਲ ਸਿੰਘ ਨੇ ਦੱਸਿਆ ਕਿ ਉਹ ਆਪਣੀ 70 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ। ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਉਹ ਖੇਤ ਵਿੱਚ ਹੀ ਵਾਹ ਕੇ ਕਣਕ ਬੀਜਦਾ ਹੈ। ਇਹ ਸਭ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਅਗਲੀ ਫ਼ਸਲ ਬੀਜਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਤੇ ਵਿਭਾਗ ਵੱਲੋਂ ਵਿਕਸਿਤ ਕੀਤੇ ਸੁਪਰਸੀਡਰ ਨਾਲ ਬਿਜਾਈ ਕਰਦਾ ਹੈ।

ਖਰਚਾ ਘਟਿਆ, ਪੈਦਾਵਾਰ ਵਧੀ

ਨਿਰਮਲ ਸਿੰਘ ਮੁਤਾਬਕ ਇਸ ਤਰੀਕੇ ਨਾਲ ਖੇਤੀ ਕਰਨ ਨਾਲ ਖਰਚਾ ਘਟਿਆ ਹੈ ਅਤੇ ਪੈਦਾਵਾਰ ਵਧੀ ਹੈ। ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੀ ਹੈ, ਦੂਜੇ ਪਾਸੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਸਿੱਧੀ ਬਿਜਾਈ ਨਾਲ ਕੀਮਤੀ ਪਾਣੀ ਦੀ ਬਚਤ ਵੀ ਹੁੰਦੀ ਹੈ।

ਉਸ ਨੇ ਇਹ ਵੀ ਕਿਹਾ ਕਿ ਨਾੜ ਨੂੰ ਅੱਗ ਨਾ ਲਾਉਣ ਨਾਲ ਮਿੱਤਰ ਕੀੜੇ ਸੁਰੱਖਿਅਤ ਰਹਿੰਦੇ ਹਨ, ਜੋ ਫ਼ਸਲ ਲਈ ਸਹਾਈ ਹੁੰਦੇ ਹਨ, ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹੋਏ ਉਪਰਾਲਿਆਂ ਤੋਂ ਮਿਲੀ ਪ੍ਰੇਰਨਾ

ਨਿਰਮਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਹੀ ਉਹ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਹੋਇਆ।

ਕਿਸਾਨਾਂ ਨੂੰ ਅਪੀਲ

ਹੋਰ ਕਿਸਾਨਾਂ ਨੂੰ ਅਪੀਲ ਕਰਦਿਆਂ ਨਿਰਮਲ ਸਿੰਘ ਨੇ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਕਿਸਾਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਪਿੰਡ ਪੱਧਰ ਤੱਕ ਲੱਗ ਚੁੱਕੇ ਹਨ ਜਾਗਰੂਕਤਾ ਕੈਂਪ

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰ ਤੱਕ ਕੈਂਪ ਲਾਏ ਗਏ ਹਨ। ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਹੀ ਵਾਹੁਣ ਲਈ ਪ੍ਰੇਰਿਆ ਜਾ ਰਿਹਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਪਹੁੰਚ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ।

Written By
The Punjab Wire