ਖੇਤੀਬਾੜੀ ਪਸਾਰ, ਕਿਸਾਨਾਂ ਨਾਲ ਸਿੱਧੇ ਸੰਵਾਦ ਅਤੇ ਆਧੁਨਿਕ ਖੇਤੀ ਤਕਨੀਕਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਨਿਭਾਈ ਅਹਿਮ ਭੂਮਿਕਾ
ਗੁਰਦਾਸਪੁਰ , 2 ਨਵੰਬਰ 2026 (ਮੰਨਨ ਸੈਣੀ )। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਿੱਚ ਆਪਣੀਆਂ ਲੰਬੇ ਸਮੇਂ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ, ਮਿਤੀ 31 ਅਕਤੂਬਰ 2026 ਨੂੰ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੇ ਪਰਿਵਾਰ ਵਲੋਂ ਸਥਾਨਕ ਆਸਟ੍ਰੇਲੀਆ ਫਾਰਮ ਵਿਚ ਛੋਟਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।
ਡਾ. ਅਮਰੀਕ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਖੇਤੀਬਾੜੀ ਦੇ ਵਿਕਾਸ, ਕਿਸਾਨਾਂ ਦੀ ਭਲਾਈ ਅਤੇ ਵਿਗਿਆਨਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਅਹੁਦਿਆਂ ‘ਤੇ ਰਹਿੰਦਿਆਂ ਕੰਮ ਕੀਤਾ। ਉਨ੍ਹਾਂ ਨੇ ਖੇਤੀਬਾੜੀ ਪਸਾਰ ਸੇਵਾਵਾਂ, ਕਿਸਾਨ ਸਿਖਲਾਈ ਕੈਂਪਾਂ, ਖੇਤ ਪ੍ਰਦਰਸ਼ਨੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਨਵੀਂ ਖੇਤੀ ਤਕਨੀਕਾਂ, ਫ਼ਸਲਾਂ ਦੀ ਸੁਚੱਜੀ ਦੇਖਭਾਲ, ਮਿੱਟੀ ਦੀ ਸਿਹਤ ਅਤੇ ਖੇਤੀ ਲਾਗਤਾਂ ਘਟਾਉਣ ਸਬੰਧੀ ਜਾਗਰੂਕ ਕਰਨ ਦੇ ਯਤਨ ਕੀਤੇ।
ਉਨ੍ਹਾਂ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਬਤੌਰ ਖ਼ੇਤੀਬਾੜੀ ਵਿਕਾਸ ਅਫ਼ਸਰ, 1 ਮਾਰਚ 1990 ਨੁੰ ਸੇਵਾ ਕੀਤੀ ਅਤੇ 31 ਅਕਤੂਬਰ 2026 ਨੁੰ 36 ਸਾਲ 8 ਮਹੀਨੇ ਦੀ ਸੇਵਾ ਪੂਰੀ ਕਰਨ ਉਪਰੰਤ ਬਤੌਰ ਕੇਨ ਕਮਿਸ਼ਨਰ ਪੰਜਾਬ ਸੇਵਾ ਮੁਕਤ ਹੋਏ ਹਨ।
ਉਨ੍ਹਾਂ ਨੇ 1 ਨਵੰਬਰ 2025 ਨੂੰ ਕੇਨ ਕਮਿਸ਼ਨਰ, ਪੰਜਾਬ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਹੋਰ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਆਪਣੇ ਤਜਰਬੇ ਅਤੇ ਖੇਤੀਬਾੜੀ ਵਿਸ਼ੇ ਦੇ ਗਿਆਨ ਦੇ ਆਧਾਰ ‘ਤੇ ਉਨ੍ਹਾਂ ਨੇ ਕਿਸਾਨਾਂ ਅਤੇ ਵਿਭਾਗੀ ਅਮਲੇ ਵਿਚਕਾਰ ਸੰਚਾਰ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਸਬੰਧੀ ਜਾਣਕਾਰੀ ਦੇ ਪ੍ਰਸਾਰ ਲਈ ਉਪਰਾਲੇ ਕੀਤੇ।
ਡਾ. ਅਮਰੀਕ ਸਿੰਘ ਨੇ ਗੰਨੇ ਦੀ ਫ਼ਸਲ ਦੀ ਉਤਪਾਦਕਤਾ ਵਧਾਉਣ, ਉੱਨਤ ਬਿਜਾਈ ਤਕਨੀਕਾਂ ਅਪਣਾਉਣ, ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਦੀ ਸਿਹਤ ਬਰਕਰਾਰ ਰੱਖਣ ਅਤੇ ਖੇਤੀਬਾੜੀ ਵਿੱਚ ਆਧੁਨਿਕ ਤਕਨੀਕਾਂ ਦੇ ਪ੍ਰਚਾਰ ਵਰਗੇ ਵਿਸ਼ਿਆਂ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੀ ਕੰਮ ਕੀਤਾ।
ਸੇਵਾਮੁਕਤੀ ਦੇ ਮੌਕੇ ‘ਤੇ ਡਾ. ਅਮਰੀਕ ਸਿੰਘ ਨੇ ਆਪਣੇ ਸੀਨੀਅਰ ਅਧਿਕਾਰੀਆਂ, ਸਹਿਕਰਮੀਆਂ, ਵਿਭਾਗੀ ਕਰਮਚਾਰੀਆਂ, ਖੇਤੀ ਵਿਗਿਆਨੀਆਂ ਅਤੇ ਕਿਸਾਨ ਭਾਈਚਾਰੇ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦਾ ਵਿਕਾਸ ਉਨ੍ਹਾਂ ਲਈ ਹਮੇਸ਼ਾ ਮਹੱਤਵਪੂਰਨ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸੇਵਾ ਤੋਂ ਸੇਵਾਮੁਕਤੀ ਉਪਰੰਤ ਵੀ ਆਪਣੇ ਤਜਰਬੇ ਅਤੇ ਗਿਆਨ ਰਾਹੀਂ ਕਿਸਾਨੀ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਦੀ ਭਾਵਨਾ ਬਰਕਰਾਰ ਰਹੇਗੀ।
ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ,ਨਸਾਹਿਤਕਾਰ ਬਲਵਿੰਦਰ ਬਾਲਮ, ਜਥੇਦਾਰ ਰਣਜੀਤ ਸਿੰਘ ਸਮੇਤ ਸਮੂਹ ਪਰਿਵਾਰਿਕ ਮੈਂਬਰ,ਪਰਮਜੀਤ ਸਿੰਘ, ਸੇਵਾ ਮੁਕਤ ਖੇਤੀ ਅਧਿਕਾਰੀ ਡਾਕਟਰ ਜਤਿੰਦਰ ਸਿੰਘ ਗਿੱਲ, ਡਾਕਟਰ ਸਵਰੂਪ ਕੁਮਾਰ, ਡਾਕਟਰ ਰਮੇਸ਼ ਕੁਮਾਰ ਸ਼ਰਮਾ, ਡਾਕਟਰ ਸੁਖਜਿੰਦਰ ਸਿੰਘ ਬਾਜਵਾ , ਯੰਗ ਇਨੋ ਵੇਟਿਵ ਦੇ ਮੈਂਬਰ ਹਰਪ੍ਰੀਤ ਸਿੰਘ ,ਪਲਵਿੰਦਰ ,ਗੁਰਦਿਅਲ ਸਿੰਘ ਸਮੇਤ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਅਮਰਜੀਤ ਸਿੰਘ ਪੁਰੇਵਾਲ ਵਲੋਂ ਨਿਭਾਏ ਗਏ।