Close

Recent Posts

ਪੰਜਾਬ

ਮਾਈ ਭਾਗੋ ਦੀ ਫੌਜ ਪੰਜਾਬ ਵਿਚੋਂ ’ਚਿੱਟਾ’ ਖ਼ਤਮ ਕਰੇਗੀ: ਹਰਸਿਮਰਤ ਕੌਰ ਬਾਦਲ

ਮਾਈ ਭਾਗੋ ਦੀ ਫੌਜ ਪੰਜਾਬ ਵਿਚੋਂ ’ਚਿੱਟਾ’ ਖ਼ਤਮ ਕਰੇਗੀ: ਹਰਸਿਮਰਤ ਕੌਰ ਬਾਦਲ
  • PublishedOctober 31, 2026

ਕਿਹਾ ਕਿ ਜਿਸ ਤਰੀਕੇ ਨਸ਼ਾ ਪੀੜਤ ਪਰਿਵਾਰਾਂ ਨੂੰ ਦਬਾਇਆ ਗਿਆ, ਉਸ ਤੋਂ ਸਾਬਤ ਹੋਇਆ ਕਿ ਮੁੱਖ ਮੰਤਰੀ ਪੀੜਤਾਂ ਦੀ ਥਾਂ ਨਸ਼ਾ ਤਸਕਰਾਂ ਨਾਲ ਹਮਦਰਦੀ ਰੱਖਦੈ

ਤਪਾ ਮੰਡੀ, 31 ਅਕਤੂਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੀਆਾਂ ਔਰਤਾਂ ਸੂਬੇ ਵਿਚੋਂ ’ਚਿੱਟੇ’ ਨੂੰ ਖ਼ਤਮ ਕਰ ਕੇ ਹੀ ਸਾਹ ਲੈਣਗੀਆਂ ਅਤੇ ਅਕਾਲੀ ਦਲ ਦੀ ਮਾਈ ਭਾਗੋ ਦੀ ਫੌਜ ਇਸ ਨੂੰ ਸੱਚਾਈ ਵਿਚ ਬਦਲ ਦੇ ਕੇ ਹੀ ਹਟੇਗੀ।

ਇਥੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਦੇ ਨਾਲ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਰਾਜ ਵਿਚ ਚਿੱਟਾ ਜੰਗ ਦੀ ਅੱਗ ਵਾਂਗੂ ਫੈਲ ਰਿਹਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਦਬਾਉਣਾ ਚਾਹੁੰਦੇ ਹਨ ਜਿਵੇਂ ਕਿ ਹਾਲ ਹੀ ਵਿਚ ਮਾਨਸਾ ਵਿਚ ਵੇਖਣ ਨੂੰ ਮਿਲਿਆ ਹੈ ਜਿਸ ਤਂ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਦੀ ਹਮਦਰਦੀ ਨਸ਼ਾ ਪੀੜਤਾਂ ਨਾਲ ਨਹੀਂ ਬਲਕਿ ਨਸ਼ਾ ਤਸਕਰੀ ਕਰਨ ਵਾਲਿਆਂ ਨਾਲ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲ ਦੇ ਆਪ ਦੇ ਕਾਰਜਕਾਲ ਦੌਰਾਨ ਇਹ ਵੇਖਣ ਨੂੰ ਮਿਲਿਆ ਹੈ ਕਿ ਨਸ਼ਾ ਹਰ ਪਿੰਡ ਤੇ ਹਰ ਮੁਹੱਲੇ ਵਿਚ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਮੌਜੂਦਾ ਸਿਆਸਤਦਾਨ ਤੇ ਪੁਲਿਸ ਗਠਜੋੜ ਕਾਰਨ ਹੋ ਰਿਹਾ ਹੈ।

ਉਹਨਾਂ ਨੇ ਮਾਈ ਭਾਗੋ ਦੀ ਫੌਜ ਨੂੰ ਅਪੀਲ ਕੀਤੀ ਕਿ ਉਹ ਇਸ ਗਠਜੋੜ ਨੂੰ ਤੋੜਨ ਵਾਸਤੇ ਕੰਮ ਕਰੇ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਜੱਥੇ ਬਣਾ ਕੇ ਉਹਨਾਂ ਸਾਰੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸਤਪਨਾਹੀ ਕਰਨ ਵਾਲਿਆਂ ਦੇ ਨਾਮ ਦਰਜ ਕਰੋ ਜਿਹਨਾਂ ਵਿਚ ਆਪ ਸਿਆਸਤਦਾਨ ਤੇ ਪੁਲਿਸ ਅਫਸਰ ਵੀ ਸ਼ਾਮਲ ਹੋਣ। ਉਹਨਾਂ ਕਿਹਾ ਕਿ ਅਗਲੀ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਾਂਗੇ ਜੋ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰੇਗੀ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਦਿਲ ਵਿਚ ਉਹਨਾਂ ਮਾਵਾਂ ਪ੍ਰਤੀ ਬਹੁਤ ਸਤਿਕਾਰ ਆਉਂਦਾ ਹੈ ਜਿਹਨਾਂ ਨੇ ਆਪਣੇ ਪੁੱਤਰ ਨਸ਼ਿਆਂ ਕਾਰਨ ਗੁਆਏ। ਉਹਨਾਂ ਕਿਹਾ ਕਿ ਜੋ ਅੱਗ ਅੱਜ ਤੁਹਾਡੇ ਗੁਆਂਢੀਆਂ ਨੂੰ ਨਿਗਲ ਰਹੀ ਹੈ, ਉਹ ਭਲਕੇ ਤੁਹਾਡੇ ਘਰਾਂ ਵਿਚ ਵੀ ਪਹੁੰਚੇਗੀ। ਉਹਨਾਂ ਕਿਹਾ ਕਿ ਸਾਨੂੰ ਇਸ ਬੁਰਾਈ ਖਿਲਾਫ ਇਕਜੁੱਟ ਹੋਣਾ ਪਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਲੜਾਈ ਵਿਚ ਅੱਗੇ ਲੱਗਣ ਨੂੰ ਤਿਆਰ ਹਨ ਤੇ ਉਹ ਪੰਜਾਬ ਵਿਚ ਨਸ਼ੇ ਦੇ ਖ਼ਾਤਮੇ ਵਾਸਤੇ ਔਰਤਾਂ ਦੀ ਹਰ ਮਦਦ ਵਾਸਤੇ ਤਿਆਰ ਬਰ ਤਿਆਰ ਹਨ।

ਸਰਦਾਰਨੀ ਬਾਦਲ ਨੇ ਔਰਤਾਂ ਨੂੰ ਭਰੋਸਾ ਦੁਆਇਆ ਕਿ ਨਸ਼ਾ ਤਸਕਰ ਤੇ ਉਹਨਾਂ ਦੇ ਆਕਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਰਾਹੀਂ ਇਹਨਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ, ਇਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣਗੀਆਂ ਤੇ ਉਹ ਪੈਸਾ ਪੀੜਤਾਂ ਨੂੰ ਦਿੱਤਾ ਜਾਵੇਗਾ।

ਉਹਨਾਂ ਜ਼ੋਰ ਦੇ ਕੇ ਕਿਹਾਕਿ  ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਸੂਬੇ ਦੀਆਂ ਔਰਤਾਂ ਨਾਲ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਕੁਝ ਹੀ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਦੋਵਾਂ ਸਰਕਾਰਾਂ ਨੇ ਕੱਖ ਵੀ ਨਹੀਂ ਕੀਤਾ। ਦੋਵਾਂ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਨੂੰ ਪੰਜ ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਧੱਕ ਦਿੱਤਾ ਤੇ ਆਪਣੀ ਇਸ਼ਤਿਹਾਰਬਾਜ਼ੀ ’ਤੇ ਹੀ 6 ਹਜ਼ਾਰ ਕਰੋੜ ਰੁਪਏ ਫੂਕ ਦਿੱਤੇ। ਉਹਨਾਂ ਕਿਹਾ ਕਿ ਸਾਨੂੰ ਅਜਿਹੀਆਂ ਹਰਕਤਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਔਰਤਾਂ ਨੂ ਇਹ ਵੀ ਕਿਹਾ ਕਿ ਜਦੋਂ ਤੁਹਾਡਾ ਇਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 60-60 ਹਜ਼ਾਰ ਰੁਪਏ ਬਕਾਇਆ ਹੈ ਤਾਂ ਤੁਹਾਨੂੰ 3-3 ਹਜ਼ਾਰ ਰੁਪਏ ਨਾਲ ਗੁੰਮਰਾਹ ਨਹੀਂ ਹੋਣਾ ਚਾਹੀਦਾ।

Written By
The Punjab Wire