ਸਾਲਾਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਪਰਿਵਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਹੋਈ ਪੂਰੀ, ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕਾਨਾ ਹੱਕ ਦੇਣ ਲਈ ਵਚਨਬੱਧ
ਗੁਰਦਾਸਪੁਰ, 31 ਅਕਤੂਬਰ 2026 (ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਦੇਣ ਲਈ ਚਲਾਈ ਜਾ ਰਹੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਅੱਜ ਪਿੰਡ ਕਾਲਾ ਨੰਗਲ ਵਿਖੇ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪਿੰਡ ਕਾਲਾ ਨੰਗਲ ਦੇ ਲਾਲ ਲਕੀਰ ਅੰਦਰ ਆਉਂਦੇ 160 ਘਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਮਾਲਕੀ ਹੱਕਾਂ ਸਬੰਧੀ ਪ੍ਰਾਪਰਟੀ ਕਾਰਡ ਸੌਂਪੇ।
ਇਸ ਮੌਕੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਪੰਜਾਬ ਸਰਕਾਰ ਦੀ ਇੱਕ ਬਹੁਤ ਹੀ ਲੋਕ-ਪੱਖੀ ਅਤੇ ਇਤਿਹਾਸਕ ਪਹਿਲਕਦਮੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਦਿਵਾਉਣਾ ਹੈ, ਜੋ ਲੰਮੇ ਸਮੇਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਹਨ, ਪਰ ਉਨ੍ਹਾਂ ਕੋਲ ਆਪਣੇ ਘਰਾਂ ਦੀ ਮਾਲਕੀ ਸਾਬਤ ਕਰਨ ਲਈ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੀ।

ਉਨ੍ਹਾਂ ਕਿਹਾ ਕਿ ਪ੍ਰਾਪਰਟੀ ਕਾਰਡ ਮਿਲਣ ਨਾਲ ਹੁਣ ਇਨ੍ਹਾਂ 160 ਪਰਿਵਾਰਾਂ ਨੂੰ ਆਪਣੇ ਘਰਾਂ ਦੀ ਮਾਲਕੀ ਦਾ ਕਾਨੂੰਨੀ ਸਬੂਤ ਮਿਲਿਆ ਹੈ। ਇਹ ਸਿਰਫ਼ ਇੱਕ ਕਾਰਡ ਨਹੀਂ, ਸਗੋਂ ਇਨ੍ਹਾਂ ਪਰਿਵਾਰਾਂ ਲਈ ਸਨਮਾਨ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਨਾਲ ਲੋਕਾਂ ਨੂੰ ਆਪਣੇ ਘਰਾਂ ਸਬੰਧੀ ਕਾਨੂੰਨੀ ਅਧਿਕਾਰ ਪ੍ਰਾਪਤ ਹੋਣਗੇ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।
ਰਮਨ ਬਹਿਲ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਦਾ ਉਦੇਸ਼ ਸਿਰਫ਼ ਵਿਕਾਸ ਕਾਰਜ ਕਰਵਾਉਣਾ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕ, ਸਹੂਲਤਾਂ ਅਤੇ ਬਣਦਾ ਮਾਣ-ਸਤਿਕਾਰ ਦਿਵਾਉਣਾ ਵੀ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਉਹ ਲਗਾਤਾਰ ਯਤਨ ਕਰਦੇ ਰਹਿਣਗੇ। ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ।
ਇਸ ਮੌਕੇ ਪਿੰਡ ਕਾਲਾ ਨੰਗਲ ਦੇ ਸਰਪੰਚ ਸੁਖਵਿੰਦਰ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਸਰਪੰਚ ਗੁਰਜੀਵ ਸਿੰਘ ਟਿੰਕੂ ਬੱਬਰੀ, ਸਰਪੰਚ ਗੁਰਦੇਵ ਸਿੰਘ ਸਿੱਧਵਾਂ ਜਮੀਤਾ, ਸਰਪੰਚ ਸਿਕੰਦਰ ਸਿੰਘ ਗਿੱਦੜ ਪਿੰਡੀ, ਸਰਪੰਚ ਜਸਪਾਲ ਸਿੰਘ ਤੁੰਗ, ਹਲਕਾ ਯੂਥ ਪ੍ਰਧਾਨ ਸੰਦੀਪ ਸਿੰਘ ਸ਼ੇਰਾ, ਸਰਪੰਚ ਬਲਰਾਜ ਸਿੰਘ ਨਰਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਅਤੇ ਯੂਥ ਆਗੂ ਤਲਵਿੰਦਰ ਸਿੰਘ ਜੀਵਨਵਾਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।