Close

Recent Posts

ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਅਮਿਤ ਸ਼ਾਹ ਨਸ਼ਾ ਮਾਫ਼ੀਆ ਵਲੋਂ ਕਤਲ ਕੀਤੇ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ

ਅਮਿਤ ਸ਼ਾਹ ਨਸ਼ਾ ਮਾਫ਼ੀਆ ਵਲੋਂ ਕਤਲ ਕੀਤੇ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ
  • PublishedOctober 20, 2026

ਮਾਂ ਦੇ ਪੈਰੀਂ ਹੱਥ ਲਾ ਕੇ ਬੰਨ੍ਹਾਇਆ ਹੌਂਸਲਾ,

ਪਰਿਵਾਰ ਮੁਤਾਬਕ ਮਾਲੀ ਮਦਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਵੀ ਭਰੋਸਾ

ਬਟਾਲਾ (ਗੁਰਦਾਸਪੁਰ), 20 ਅਕਤੂਬਰ 2026 (ਮੰਨਨ ਸੈਣੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੰਜਾਬ ਦੌਰੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾੜੀ ਪੰਨਵਾਂ ਵਿੱਚ ਨਸ਼ਾ ਮਾਫਿਆਂ ਵੱਲੋਂ ਕਤਲ ਕੀਤੇ ਗਏ ਮ੍ਰਿਤਕ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕਰੀਬ 15 ਮਿੰਟ ਪਰਿਵਾਰ ਕੋਲ ਰੁਕੇ ਸ਼ਾਹ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਪਰਿਵਾਰ ਮੁਤਾਬਕ ਗ੍ਰਹਿ ਮੰਤਰੀ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ, ਮਾਲੀ ਸਹਾਇਤਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ।

ਮੁਲਾਕਾਤ ਦੌਰਾਨ ਉਸ ਵੇਲੇ ਭਾਵੁਕ ਪਲ ਵੇਖਣ ਨੂੰ ਮਿਲੇ, ਜਦੋਂ ਅਮਿਤ ਸ਼ਾਹ ਨੇ ਬਿਕਰਮਜੀਤ ਸਿੰਘ ਦੀ ਮਾਂ ਸੁਰਜੀਤ ਕੌਰ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਨੂੰ ਹੌਂਸਲਾ ਬੰਨ੍ਹਾਇਆ। ਪਰਿਵਾਰ ਨੇ ਗ੍ਰਹਿ ਮੰਤਰੀ ਨੂੰ ਮੰਗ-ਪੱਤਰ ਸੌਂਪ ਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਪਰਿਵਾਰ ਵੱਲੋਂ ਦੱਸਿਆ ਗਿਆ ਕਿ ਅਮਿਤ ਸ਼ਾਹ ਨੇ ਮੰਗ-ਪੱਤਰ ਆਪ ਪੜ੍ਹਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਬਿਕਰਮਜੀਤ ਦੀ ਭੈਣ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਗ੍ਰਹਿ ਮੰਤਰੀ ਨੇ ਪਰਿਵਾਰ ਦੇ ਜੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ‘ਤੇ ਹਾਂ-ਪੱਖੀ ਭਰੋਸਾ ਦਿੱਤਾ। ਪਰਿਵਾਰ ਨੇ ਆਸ ਪ੍ਰਗਟਾਈ ਕਿ ਸੀਬੀਆਈ ਜਾਂਚ ਨਾਲ ਮਾਮਲੇ ਦੀ ਨਿਰਪੱਖ ਪੜਤਾਲ ਹੋਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇਗੀ।

15 ਅਕਤੂਬਰ ਨੂੰ ਹੋਇਆ ਸੀ ਬਿਕਰਮਜੀਤ ਸਿੰਘ ਦਾ ਕਤਲ

ਦੱਸਿਆ ਜਾਂਦਾ ਹੈ ਕਿ 40 ਸਾਲਾ ਬਿਕਰਮਜੀਤ ਸਿੰਘ ਦਾ 15 ਅਕਤੂਬਰ ਨੂੰ ਪਿੰਡ ਮਾੜੀ ਪੰਨਵਾਂ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਿਕਰੀ ਦਾ ਵਿਰੋਧ ਕਰਨ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਪੁਲਿਸ ਰਾਹੀਂ ਦਿੱਤੇ ਬਿਆਨਾਂ ਵਿੱਚ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਝਗੜਾ ਮੋਟਰਸਾਈਕਲ ਨੂੰ ਲੈ ਕੇ ਹੋਇਆ ਸੀ, ਪਰ ਉਹ ਮੁਲਜ਼ਮ ਨਸ਼ੇ ਦੇ ਧੰਦੇ ਵਿੱਚ ਸ਼ਾਮਲ ਸਨ। ਇਸ ਘਟਨਾ ਮਗਰੋਂ ਮਾਮਲੇ ਨੇ ਸਿਆਸੀ ਤੂਲ ਫੜ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਵਿੱਚ ਨਸ਼ਿਆਂ ਨਾਲ ਜੁੜੀਆਂ ਤਿੰਨ ਹਾਲੀਆ ਮੌਤਾਂ ਦੇ ਮਾਮਲਿਆਂ ‘ਤੇ ਸੂਬਾ ਸਰਕਾਰ ਤੋਂ ਰਿਪੋਰਟ ਵੀ ਮੰਗੀ ਸੀ।

ਸੁਰੱਖਿਆ ਦੇ ਸਖ਼ਤ ਪ੍ਰਬੰਧ, ਮੁਜ਼ਾਹਰਾਕਾਰੀ ਰੋਕੇ ਗਏ

ਅਮਿਤ ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕੁਝ ਕਿਸਾਨ ਜਥੇਬੰਦੀਆਂ ਨੇ ਗ੍ਰਹਿ ਮੰਤਰੀ ਦੇ ਦੌਰੇ ਦਾ ਵਿਰੋਧ ਕਰਦਿਆਂ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਮੁਜ਼ਾਹਰਾਕਾਰੀ ਮੁਲਾਕਾਤ ਵਾਲੀ ਥਾਂ ਤੱਕ ਨਹੀਂ ਪਹੁੰਚ ਸਕੇ।

ਪੰਜਾਬ ਦੇ ਡੀਜੀਪੀ ਐੱਮ.ਐੱਫ਼. ਫ਼ਾਰੂਕੀ ਅਨੁਸਾਰ ਦੌਰੇ ਲਈ ਕਰੀਬ 1,200 ਤੋਂ 1,300 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਮੁਲਾਕਾਤ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਿਗਰਾਨੀ ਵਧਾਈ ਹੋਈ ਸੀ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਨਸ਼ੇ ਦਾ ਮੁੱਦਾ ਬਣਿਆ ਸਿਆਸੀ ਬਹਿਸ ਦਾ ਕੇਂਦਰ

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਭਾਜਪਾ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੇ ਕਤਲਾਂ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਉੱਥੇ ਹੀ, ਅਮਿਤ ਸ਼ਾਹ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਨੂੰ ਇਸ ਮੁੱਦੇ ‘ਤੇ ਕੇਂਦਰ ਦੀ ਸਿਆਸੀ ਪਹਿਲਕਦਮੀ ਵਜੋਂ ਵੀ ਵੇਖਿਆ ਜਾ ਰਿਹਾ ਹੈ।

ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਹੁਣ ਸੀਬੀਆਈ ਜਾਂਚ ਰਾਹੀਂ ਇਨਸਾਫ਼ ਮਿਲਣ ਦੀ ਆਸ ਹੈ। ਹਾਲਾਂਕਿ ਜਾਂਚ, ਮਾਲੀ ਸਹਾਇਤਾ ਅਤੇ ਨੌਕਰੀ ਬਾਰੇ ਗ੍ਰਹਿ ਮੰਤਰੀ ਵੱਲੋਂ ਦਿੱਤੇ ਭਰੋਸਿਆਂ ਸਬੰਧੀ ਅਗਲੀ ਸਰਕਾਰੀ ਕਾਰਵਾਈ ਦੀ ਉਡੀਕ ਰਹੇਗੀ।

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਫਤਿਹਜੰਗ ਬਾਜਵਾ, ਜਨਰਲ ਸਕੱਤਰ ਰਾਜੇਸ਼ ਬਾਘਾ ਤੇ ਬਟਾਲਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਵੀ ਹਾਜ਼ਰ ਸਨ।

Written By
The Punjab Wire