ਪੰਜਾਬ

ਹਿਮਾਚਲ ਦੀਆਂ ਕੈਮੀਕਲ ਨਸ਼ਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਾਉਣ ਪ੍ਰਗਟ ਸਿੰਘ : ਸ਼ਵੇਤ ਮਲਿਕ

ਹਿਮਾਚਲ ਦੀਆਂ ਕੈਮੀਕਲ ਨਸ਼ਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਾਉਣ ਪ੍ਰਗਟ ਸਿੰਘ : ਸ਼ਵੇਤ ਮਲਿਕ
  • PublishedOctober 17, 2026

ਪ੍ਰਗਟ ਸਿੰਘ ਨਸ਼ੇ ਵਿਰੋਧੀ ਕਾਰਕੁਨਾਂ ਦੇ ਕਤਲਾਂ ਦਾ ਭਗਵੰਤ ਮਾਨ ਤੋਂ ਜਵਾਬ ਮੰਗਣ : ਸ਼ਵੇਤ ਮਲਿਕ

ਚੰਡੀਗੜ੍ਹ, 17 ਅਕਤੂਬਰ 2026 (ਦੀ ਪੰਜਾਬ ਵਾਇਰ)- ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਪਹਿਲਾਂ ਪੰਜਾਬ ਵਿੱਚ ਵਿਕ ਰਹੇ ਕੈਮੀਕਲ ਤੇ ਮੈਡੀਕਲ ਨਸ਼ਿਆਂ ਦਾ ਜਵਾਬ ਦੇਣ, ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਉਂਗਲ ਚੁੱਕਣ, ਇਸ ਦੇ ਨਾਲ ਹੀ ਇਹ ਵੀ ਦੱਸਣ ਕਿ ਨਸ਼ਿਆਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਦਾ ਪੱਖ਼ ਪੂਰ ਕੇ ਉਹ ਕੀ ਸਾਬਿਤ ਕਰਨਾ ਚਾਹੁੰਦੇ ਹਨ। ਇਸ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਹਨ। ਉਹ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਆਲੋਚਨਾ ਕਰਨ ਵਾਲੇ ਪ੍ਰਗਟ ਸਿੰਘ ਦੇ ਬਿਆਨ ਦਾ ਜਵਾਬ ਦੇ ਰਹੇ ਸਨ।

ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਇਹ ਆਪ ਹੀ ਮੰਨ ਚੁੱਕੇ ਹਨ ਕਿ ਪੰਜਾਬ ਵਿੱਚ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਵਿੱਚ 80 ਫੀਸਦ ਕਮੀ ਆ ਚੁੱਕੀ ਹੈ। ਇਸ ਵੇਲੇ ਜੋ ਨਸ਼ਾ ਵਿਕ ਰਿਹਾ ਹੈ, ਉਹ ਕੈਮੀਕਲ ਹੈ, ਜੋ ਪੰਜਾਬ ਅਤੇ ਹਿਮਾਚਲ ਦੀਆਂ ਦਵਾਈਆਂ ਦੀਆਂ ਫੈਕਟਰੀਆਂ ਵਿੱਚ ਹੀ ਤਿਆਰ ਹੁੰਦਾ ਹੈ, ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਹੈ, ਪ੍ਰਗਟ ਸਿੰਘ ਗੁਜਰਾਤ ਦੀ ਗੱਲ ਕਰਨ ਤੋਂ ਪਹਿਲਾਂ ਹਿਮਾਚਲ ਦੀਆਂ ਕੈਮੀਕਲ ਨਸ਼ਾ ਤਿਆਰ ਕਰਨ ਵਾਲੀਆਂ ਫੈਕਟਰੀਆਂ ਬੰਦ ਕਰਵਾਉਣ।

ਉਨ੍ਹਾਂ ਸਵਾਲ ਕੀਤਾ ਕਿ ਪੰਜਾਬ  ਤੇ ਹਿਮਾਚਲ ਵਿੱਚ ਵਿਕ ਰਹੇ ਕਥਿਤ ਕੈਮੀਕਲ ਨਸ਼ਿਆਂ ਅਤੇ ਨਸ਼ੀਲੀਆਂ ਦਵਾਈਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਦੀ ਡਿਊਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਬਣਦੀ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਕੈਮੀਕਲ ਨਸ਼ਾ ਮਾਫ਼ੀਆ ਵਾਲੇ ਹੀ ਸਨ।

ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਬਟਾਲਾ ਵਿੱਚ ਨੌਜਵਾਨ ਬਿਕਰਮਜੀਤ ਸਿੰਘ ਦਾ ਨਸ਼ਾ ਮਾਫ਼ੀਆਂ ਨੇ ਕਤਲ ਕੀਤਾ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿੱਚ ਲਖਵਿੰਦਰ ਸਿੰਘ ਉੱਤੇ ਵੀ ਨਸ਼ਾ ਮਾਫ਼ੀਆ ਨੇ ਜਾਨਲੇਵਾ ਹਮਲਾ ਕੀਤਾ। ਇਸ ਤੋਂ ਪਹਿਲਾ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਨਾਲ ਕੀ ਹੋਇਆ, ਇਹ ਕਿਸ ਤੋਂ ਭੁੱਲਿਆ ਹੈ। ਇਨ੍ਹਾਂ ਸਾਰੇ ਮਸਲਿਆਂ ਉੱਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਣ ਦੀ ਬਜਾਇ ਪ੍ਰਗਟ ਸਿੰਘ ਅਮਿਤ ਸ਼ਾਹ ਨੂੰ ਸਵਾਲ ਕਰ ਰਹੇ ਹਨ।

Written By
The Punjab Wire