ਜਲੰਧਰ ਵਿਖੇ 14 ਤੋਂ 22 ਨਵੰਬਰ ਤੱਕ ਅਗਨੀਵੀਰ ਭਰਤੀ ਰੈਲੀ
ਜਲੰਧਰ, 17 ਅਕਤੂਬਰ 2026 (ਦੀ ਪੰਜਾਬ ਵਾਇਰ)। ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਯੋਗ ਨੌਜਵਾਨਾਂ ਦੀ ਭਰਤੀ ਲਈ ਅਗਨੀਵੀਰ ਭਰਤੀ ਰੈਲੀ 14 ਨਵੰਬਰ ਤੋਂ 22 ਨਵੰਬਰ 2026 ਤੱਕ ਸਰਕਾਰੀ ਕਲਾ ਅਤੇ ਖੇਡ ਕਾਲਜ (Government Arts and Sports College), ਜਲੰਧਰ ਵਿਖੇ ਕਰਵਾਈ ਜਾਵੇਗੀ। ਇਸ ਰੈਲੀ ਵਿੱਚ 6,000 ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ, ਜਿਨ੍ਹਾਂ ਨੇ ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਐੱਸ.ਬੀ.ਐੱਸ. ਨਗਰ) ਜ਼ਿਲ੍ਹਿਆਂ ਤੋਂ ਸਾਂਝੀ ਦਾਖ਼ਲਾ ਪ੍ਰੀਖਿਆ (Common Entrance Examination – CEE) ਪਾਸ ਕੀਤੀ ਹੈ। ਇਸ ਰੈਲੀ ਵਿੱਚ ਪੰਜਾਬ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਯੋਗ ਮਹਿਲਾ ਉਮੀਦਵਾਰਾਂ ਦੀ ਵੀ ਭਰਤੀ ਕੀਤੀ ਜਾਵੇਗੀ, ਜਿਸ ਨਾਲ ਨੌਜਵਾਨ ਔਰਤਾਂ ਨੂੰ ਭਾਰਤੀ ਫੌਜ ਵਿੱਚ ਕਰੀਅਰ ਬਣਾਉਣ ਅਤੇ ਮਾਣ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।
ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੀ ਸਰੀਰਕ ਤੰਦਰੁਸਤੀ ਅਤੇ ਯੋਗਤਾ ਪਰਖਣ ਲਈ ਵੱਖ-ਵੱਖ ਟੈਸਟ ਲਏ ਜਾਣਗੇ। ਇਨ੍ਹਾਂ ਵਿੱਚ 1.6 ਕਿਲੋਮੀਟਰ ਦੌੜ ਸ਼ਾਮਲ ਹੈ, ਜੋ ਉਨ੍ਹਾਂ ਦੀ ਸਹਿਣਸ਼ੀਲਤਾ ਅਤੇ ਸਰੀਰਕ ਚੁਸਤੀ ਦੀ ਜਾਂਚ ਕਰੇਗੀ। ਇਸ ਤੋਂ ਇਲਾਵਾ ਬੀਮ ਟੈਸਟ (ਪੁੱਲ-ਅੱਪਸ) ਹੋਵੇਗਾ, ਜਿਸ ਨਾਲ ਸਰੀਰ ਦੇ ਉੱਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਦੀ ਤਾਕਤ ਦਾ ਮੁਲਾਂਕਣ ਕੀਤਾ ਜਾਵੇਗਾ, ਅਤੇ ਸਰੀਰਕ ਮਾਪਦੰਡਾਂ ਦੀ ਜਾਂਚ ਹੋਵੇਗੀ, ਜਿਨ੍ਹਾਂ ਵਿੱਚ ਕੱਦ, ਭਾਰ ਅਤੇ ਹੋਰ ਮਾਪ ਸ਼ਾਮਲ ਹਨ। ਸਰੀਰਕ ਤੰਦਰੁਸਤੀ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਮੈਡੀਕਲ ਫਿਟਨੈੱਸ ਯਕੀਨੀ ਬਣਾਉਣ ਲਈ ਡਾਕਟਰੀ ਜਾਂਚ ਕੀਤੀ ਜਾਵੇਗੀ।

ਸਾਰੀ ਭਰਤੀ ਪ੍ਰਕਿਰਿਆ ਸਥਾਪਿਤ ਭਰਤੀ ਨੀਤੀਆਂ ਅਤੇ ਯੋਗਤਾ ਮਾਪਦੰਡਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਧਿਕਾਰਤ ਭਰਤੀ ਸੂਚਨਾਵਾਂ ਨੂੰ ਧਿਆਨ ਨਾਲ ਪੜ੍ਹਨ, ਇਹ ਯਕੀਨੀ ਬਣਾਉਣ ਕਿ ਉਹ ਨਿਰਧਾਰਤ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਰੈਲੀ ਵਿੱਚ ਹਿੱਸਾ ਲੈਣ ਲਈ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ।
ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਦਲਾਲਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ, ਜੋ ਪੈਸੇ ਦੇ ਬਦਲੇ ਭਰਤੀ ਜਾਂ ਚੋਣ ਦੇ ਝੂਠੇ ਵਾਅਦੇ ਕਰ ਸਕਦੇ ਹਨ। ਭਾਰਤੀ ਫੌਜ ਵਿੱਚ ਭਰਤੀ ਸਿਰਫ਼ ਯੋਗਤਾ ਅਤੇ ਸਥਾਪਿਤ ਚੋਣ ਮਾਪਦੰਡਾਂ ਦੇ ਆਧਾਰ ‘ਤੇ ਹੁੰਦੀ ਹੈ ਅਤੇ ਕੋਈ ਵੀ ਵਿਅਕਤੀ ਜਾਂ ਏਜੰਟ ਚੋਣ ਦੀ ਗਾਰੰਟੀ ਨਹੀਂ ਦੇ ਸਕਦਾ। ਉਮੀਦਵਾਰ ਭਰਤੀ ਵਿੱਚ ਮਦਦ ਜਾਂ ਚੋਣ ਦਾ ਵਾਅਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਪੈਸੇ ਦੀ ਮੰਗ ਦੀ ਤੁਰੰਤ ਸੂਚਨਾ ਭਰਤੀ ਅਧਿਕਾਰੀਆਂ ਨੂੰ ਦੇਣ।
ਭਾਰਤੀ ਫੌਜ ਨੇ ਸਾਰੇ ਯੋਗ ਨੌਜਵਾਨਾਂ, ਖ਼ਾਸ ਕਰਕੇ ਮਹਿਲਾ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦਿਆਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਮਾਣ, ਸਨਮਾਨ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ।
ਉਮੀਦਵਾਰ ਰੈਲੀ ਦੀ ਦਸਤਾਵੇਜ਼ੀ ਪ੍ਰਕਿਰਿਆ ਦੌਰਾਨ ਲੋੜੀਂਦੇ ਵੱਖ-ਵੱਖ ਦਸਤਾਵੇਜ਼ਾਂ ਬਾਰੇ ਜਾਣਕਾਰੀ ਲਈ ਪ੍ਰੈੱਸ ਨੋਟ ਵਿੱਚ ਦਿੱਤਾ ਕਿਊਆਰ ਕੋਡ ਸਕੈਨ ਕਰ ਸਕਦੇ ਹਨ।