ਪੰਜਾਬ ਮੁੱਖ ਖ਼ਬਰ

ਪਠਾਨਕੋਟ ਵਿੱਚ ਸਰਹੱਦ-ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਸਬੰਧਤ ਇੱਕ ਔਰਤ ਸਮੇਤ ਦੋ ਸੰਚਾਲਕ ਕਾਬੂ; 7.8 ਕਿਲੋ ਹੈਰੋਇਨ ਬਰਾਮਦ

ਪਠਾਨਕੋਟ ਵਿੱਚ ਸਰਹੱਦ-ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਸਬੰਧਤ ਇੱਕ ਔਰਤ ਸਮੇਤ ਦੋ ਸੰਚਾਲਕ ਕਾਬੂ; 7.8 ਕਿਲੋ ਹੈਰੋਇਨ ਬਰਾਮਦ
  • PublishedOctober 14, 2026

ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਡਿਜੀਟਲ ਸਬੂਤਾਂ, ਖੇਪਾਂ ਦੀਆਂ ਵੀਡੀਓਜ਼ ਅਤੇ ਵਿੱਤੀ ਲੈਣ-ਦੇਣ ਸਬੰਧੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ: ਡੀਜੀਪੀ ਗੌਰਵ ਯਾਦਵ

ਪਾਕਿਸਤਾਨੀ ਮਾਰਕਿੰਗ ਵਾਲੀ ਮੋਹਰ ਲੱਗੇ ਪੈਕੇਟ ਵੀ ਬਰਾਮਦ ਕੀਤੇ ਗਏ: ਐਸਐਸਪੀ ਮਨਪ੍ਰੀਤ ਸਿੰਘ

ਪਠਾਨਕੋਟ, 14 ਅਕਤੂਬਰ 2026 (ਮੰਨਨ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਪਠਾਨਕੋਟ ਪੁਲਿਸ ਨੇ ਦੋ-ਪੜਾਵਾਂ ਵਿੱਚ ਚਲਾਏ ਆਪ੍ਰੇਸ਼ਨ ਦੌਰਾਨ ਇੱਕ ਔਰਤ ਸਮੇਤ ਦੋ ਸੰਚਾਲਕਾਂ ਨੂੰ 7.823 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਹੈਰੋਇਨ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪੰਥ ਵਾਸੀ ਪਿੰਡ ਵਡਾਲਾ, ਅੰਮ੍ਰਿਤਸਰ ਦਿਹਾਤੀ ਅਤੇ ਉਸਦੀ ਸਾਥੀ ਹਰਮਨਜੀਤ ਕੌਰ ਵਾਸੀ ਧਿਆਨਪੁਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਨੈੱਟਵਰਕ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਉਣ, ਵਿੱਤੀ ਲੈਣ-ਦੇਣ ਦੀ ਜਾਂਚ ਕਰਨ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਡਿਜੀਟਲ ਅਤੇ ਤਕਨੀਕੀ ਵਿਸ਼ਲੇਸ਼ਣ ਸਮੇਤ ਅਗਲੇਰੀ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਪਠਾਨਕੋਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ, ਸਪੈਸ਼ਲ ਬ੍ਰਾਂਚ ਪਠਾਨਕੋਟ ਦੀ ਇੱਕ ਟੀਮ ਨੇ ਸ਼ੱਕੀ ਗੁਰਪੰਥ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 590 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਉਸ ਤੋਂ ਲਗਾਤਾਰ ਕੀਤੀ ਗਈ ਪੁੱਛਗਿੱਛ ਅਤੇ ਉਸਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਤੋਂ ਬਾਅਦ, ਪੁਲਿਸ ਟੀਮਾਂ ਨੇ ਸੁਰਾਗ ਹਾਸਲ ਕੀਤੇ ਅਤੇ ਫਤਿਹਗੜ੍ਹ ਚੂੜੀਆਂ ਵਿੱਚ ਇੱਕ ਕਿਰਾਏ ਦੇ ਮਕਾਨ ‘ਤੇ ਛਾਪਾ ਮਾਰਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਛਾਪੇ ਦੌਰਾਨ ਉਸਦੀ ਮਹਿਲਾ ਸਾਥਣ, ਹਰਮਨਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 7.233 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਕੁੱਲ ਬਰਾਮਦਗੀ 7.823 ਕਿਲੋਗ੍ਰਾਮ ਹੋ ਗਈ।

ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਰਹੱਦ ਪਾਰਲੇ ਸਬੰਧਾਂ ਦਾ ਖੁਲਾਸਾ ਹੋਇਆ ਅਤੇ ਪਾਕਿਸਤਾਨੀ ਮਾਰਕਿੰਗ ਵਾਲੀ ਵਿਸ਼ੇਸ਼ ਮੋਹਰ ਲੱਗੇ ਪੈਕੇਟ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਿਜੀਟਲ ਅਤੇ ਤਕਨੀਕੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨਾਲ ਸਬੰਧਤ ਵੀਡੀਓਜ਼ ਦੇ ਨਾਲ-ਨਾਲ ਵਿੱਤੀ ਲੈਣ-ਦੇਣ ਅਤੇ ਖਾਤਿਆਂ ਦੇ ਵੇਰਵੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਸ ਸਬੰਧੀ, ਥਾਣਾ ਸਦਰ, ਪਠਾਨਕੋਟ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਮਿਤੀ 12.10.2026 ਨੂੰ ਐਫਆਈਆਰ ਨੰਬਰ 155 ਦਰਜ ਕੀਤੀ ਗਈ ਹੈ।

Written By
The Punjab Wire